ਗੁਰਦਾਸਪੁਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੁਰਬ ਨੂੰ ਲੈ ਕੇ ਅੱਜ ਲੱਖਾਂ ਦੀ ਤਾਦਾਦ 'ਚ ਸੰਗਤ ਬਟਾਲਾ ਵਿਖੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਤੇ ਸ਼੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਇੱਥੇ ਬੀਤੇ ਕੱਲ੍ਹ ਸੁਲਤਾਨਪੁਰ ਲੋਧੀ ਤੋਂ ਇੱਕ ਬਰਾਤ ਰੂਪੀ ਮਹਾਨ ਨਗਰ ਕੀਰਤਨ ਦੇਰ ਰਾਤ ਬਟਾਲਾ ਪਹੁੰਚਿਆ।


ਉੱਥੇ ਹੀ ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸੁਲੱਖਣੀ ਜੀ ਦਾ ਜਨਮ ਆਸਥਾਨ ਹੈ ਤੇ ਉੱਥੇ ਹੀ ਗੁਰੂ ਨਾਨਕ ਦੇਵ ਜੀ ਦੇ ਆਨੰਦ ਕਾਰਜ ਹੋਏ। ਉਸ ਧਾਰਮਿਕ ਅਸਥਾਨ ਤੋਂ ਅੱਜ ਇੱਕ ਮਹਾਨ ਨਗਰ ਕੀਰਤਨ ਅਰਦਾਸ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਆਰੰਭ ਹੋਇਆ।


ਅੱਜ ਪੂਰਾ ਦਿਨ ਇਹ ਨਗਰ ਕੀਰਤਨ ਬਟਾਲਾ ਦੇ ਬਾਜ਼ਾਰਾਂ 'ਚ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਸਮਾਪਤ ਹੋਵੇਗਾ। ਉੱਥੇ ਹੀ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਇਸ ਪੁਰਬ ਨੂੰ ਮਨਾਉਣ ਲਈ ਲੱਖਾਂ ਦੀ ਤਾਦਾਦ 'ਚ ਸੰਗਤ ਦੀ ਆਮਦ ਹੋਈ।


ਉਨ੍ਹਾਂ ਵੱਲੋਂ ਵੀ ਇੰਤਜ਼ਾਮ ਪੂਰੇ ਕੀਤੇ ਗਏ ਹਨ, ਉੱਥੇ ਹੀ ਪੁਲਿਸ ਅਧਿਕਾਰੀ ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਇਸ ਦਿਹਾੜੇ 'ਤੇ ਇੱਕ ਡਿਊਟੀ ਨਹੀਂ ਸਗੋਂ ਸੰਗਤ ਦੀ ਸੇਵਾ ਵਜੋਂ ਕੰਮ ਕੀਤਾ ਜਾਂਦਾ ਹੈ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ।


ਸੰਗਤ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਚਲਦੇ ਨਾ ਤਾ ਵੱਡੇ ਧਾਰਮਿਕ ਸਮਾਗਮ ਹੋਏ ਤੇ ਨਾ ਹੀ ਨਗਰ ਕੀਰਤਨ ਸਜਾਇਆ ਗਿਆ। ਇਸ ਵਾਰ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਤੇ ਉਨ੍ਹਾਂ ਵੱਲੋਂ ਨਤਮਸਤਕ ਹੋਕੇ ਗੁਰੂ ਦੀਆ ਖੁਸ਼ੀਆਂ ਤੇ ਰਹਿਮਤ ਮਿਲ ਰਹੀ ਹੈ।