Punjab Weather: ਠੰਢ ਦੇ ਧੁੰਦ ਦਾ ਕਹਿਰ ਜਾਰੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਾੜੀ ਇਲਾਕਿਆਂ ਨਾਲੋਂ ਮੈਦਾਨੀ ਇਲਾਕੇ ਵੱਧ ਠੰਢੇ ਹੋਣ ਲੱਗੇ ਹਨ। ਪੰਜਾਬ ਦੇ ਬਠਿੰਡਾ ਦਾ ਪਾਰਾ ਹਿਮਾਚਲ ਦੇ ਸ਼ਿਮਲਾ ਤੋਂ ਵੀ ਹੇਠਾਂ ਚਲਾ ਗਿਆ। ਲੰਘੇ ਦਿਨ ਸ਼ਿਮਲਾ ਦਾ ਘੱਟੋ-ਘੱਟ ਪਾਰਾ 2.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਜਦੋਂਕਿ ਬਠਿੰਡਾ ਦਾ ਤਾਪਮਾਨ 0.4 ਡਿਗਰੀ ਤੱਕ ਹੇਠਾਂ ਚਲਾ ਗਿਆ। ਇਸ ਲਈ ਬਠਿੰਡਾ ਸ਼ਿਮਲਾ ਨਾਲੋਂ ਵੀ ਠੰਢਾ ਰਿਹਾ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਸੋਮਵਾਰ ਨੂੰ ਸੰਘਣੀ ਧੁੰਦ ਤੇ ਸੀਤ ਲਹਿਰ ਦੀ ਲਪੇਟ ਵਿੱਚ ਰਹੇ। ਦੋਵਾਂ ਰਾਜਾਂ ਵਿੱਚ ਦਿਨ ਭਰ ਬਹੁਤ ਠੰਢ ਰਹੀ। ਮੌਸਮ ਕੇਂਦਰ ਮੁਤਾਬਕ ਪੰਜਾਬ ਦਾ ਬਠਿੰਡਾ 0.4 ਡਿਗਰੀ ਨਾਲ ਸੁਪਰ ਕੂਲ ਰਿਹਾ ਹੈ। ਪੰਜਾਬ 'ਚ 48 ਘੰਟਿਆਂ 'ਚ ਤਾਪਮਾਨ 'ਚ ਗਿਰਾਵਟ ਆਵੇਗੀ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ 6 ਜਨਵਰੀ ਤੱਕ ਭਾਰੀ ਧੁੰਦ ਤੇ ਸੀਤ ਲਹਿਰ ਜਾਰੀ ਰਹੇਗੀ। ਇਸ ਦੌਰਾਨ ਬਾਰਸ਼ ਦੀ ਕੋਈ ਸੰਭਾਵਨਾ ਨਹੀਂ, ਸਤਹੀ ਹਵਾਵਾਂ ਕਾਰਨ ਬਹੁਤ ਜ਼ਿਆਦਾ ਠੰਢ ਹੋਵੇਗੀ। ਹਰਿਆਣਾ ਦੇ 9 ਜ਼ਿਲ੍ਹਿਆਂ ਵਿੱਚ 5 ਜਨਵਰੀ ਤੱਕ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਹਰਿਆਣਾ ਦੇ ਮੇਵਾਤ ਵਿੱਚ ਰਾਤ ਦਾ ਪਾਰਾ ਮਨਫ਼ੀ 1.3 ਡਿਗਰੀ ਰਿਹਾ। ਬਾਕੀ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦਿਨ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਸੂਬੇ ਵਿੱਚ ਸੰਘਣੀ ਧੁੰਦ ਕਾਰਨ ਹੁਣ ਦਿਨ ਵੇਲੇ ਵੀ ਠੰਢ ਪੈ ਰਹੀ ਹੈ। ਸੂਬੇ ਵਿੱਚ ਸਖ਼ਤ ਸਰਦੀ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਆਮ ਤੌਰ 'ਤੇ ਹਿਸਾਰ ਜਾਂ ਨਾਰਨੌਲ 'ਚ ਤਾਪਮਾਨ ਮਾਈਨਸ ਤੱਕ ਚਲਾ ਜਾਂਦਾ ਹੈ ਪਰ ਇਸ ਵਾਰ ਮੇਵਾਤ ਤੋਂ ਤਾਪਮਾਨ ਮਾਈਨਸ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਰਾਜਸਥਾਨ ਨਾਲ ਨੇੜਤਾ ਹੋਣ ਕਾਰਨ ਮੇਵਾਤ ਵਿੱਚ ਸਰਦੀਆਂ ਜ਼ਿਆਦਾ ਪਈਆਂ ਹਨ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਮਨਫ਼ੀ ਹੋ ਗਿਆ ਹੈ, ਜਿਸ ਕਾਰਨ ਸੂਬੇ ਦੇ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 12 ਫਰਵਰੀ ਤੱਕ ਹੋਣਗੀਆਂ ਤੇ ਕਾਲਜ 4 ਫਰਵਰੀ ਤੱਕ ਬੰਦ ਰਹਿਣਗੇ। ਲੋਹੜੀ ਦੇ ਆਸ-ਪਾਸ ਸਕੂਲਾਂ ਵਿੱਚ ਇੱਕ ਹਫ਼ਤੇ ਦੀ ਛੁੱਟੀ ਰਹੇਗੀ।
ਗਰਮੀਆਂ ਦੀਆਂ ਛੁੱਟੀਆਂ ਵਾਲੇ ਸਕੂਲਾਂ ਵਿੱਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਹੋਣਗੀਆਂ। ਪਿਛਲੇ ਸਾਲ ਇਨ੍ਹਾਂ ਸਕੂਲਾਂ ਵਿੱਚ 25 ਤੋਂ 31 ਦਸੰਬਰ ਤੱਕ ਸਰਦੀਆਂ ਦੀਆਂ ਛੁੱਟੀਆਂ ਸਨ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 4-5 ਦਿਨਾਂ ਤੱਕ ਸੂਬੇ ਦੇ ਨੀਵੇਂ ਇਲਾਕਿਆਂ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ।