ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਨੰਨ੍ਹੀ ਛਾਂ ਦੇ 11ਵੇਂ ਸਾਲ ਪੂਰੇ ਹੋਣ 'ਤੇ 550 ਬੂਟੇ ਲਾਏ। ਇਸ ਦੌਰਾਨ ਉਨ੍ਹਾਂ ਬਠਿੰਡਾ ਏਮਜ਼ ਦਾ ਦੌਰਾ ਕੀਤਾ। ਇੱਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਪਾਕਿਸਤਾਨ 'ਤੇ ਲਾਹਨਤ ਪਾਉਂਦਿਆਂ ਕਿਹਾ ਕਿ ਗੁਆਂਢੀ ਦੇਸ਼ ਇੰਨੀ ਹੱਦ ਤਕ ਡਿੱਗ ਸਕਦਾ ਹੈ ਕਿ ਸ਼ਰਧਾਲੂਆਂ ਦੇ ਗੁਰੂ ਘਰ ਜਾਣ ਨੂੰ ਵੀ ਕਮਾਈ ਦਾ ਸਾਧਨ ਬਣਾ ਰਿਹਾ ਹੈ।


ਹਰਸਿਮਰਤ ਨੇ ਕਿਹਾ ਕਿ ਇਹ ਦੁਨੀਆ ਦੀ ਪਹਿਲੀ ਮਿਸਾਲ ਹੋਏਗੀ ਜਿੱਥੇ ਧਾਰਮਿਕ ਸਥਾਨ 'ਤੇ ਜਾਣ ਲਈ ਇੱਕ ਮੁਰੀਦ ਨੂੰ ਪੈਸੇ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਸ਼ਰਮ ਤੋਂ ਵੀ ਘਟੀਆ ਕੋਈ ਸ਼ਬਦ ਹੈ ਤਾਂ ਉਹ ਪਾਕਿਸਤਾਨ ਦੀ ਸੋਚ ਲਈ ਵਰਤਿਆ ਜਾਣਾ ਚਾਹੀਦਾ ਹੈ ਜਿਸ ਨੂੰ ਕਮਾਈ ਕਰਨ ਲਈ ਬੱਸ ਇਹੀ ਸਾਧਨ ਬਚ ਗਿਆ ਹੈ।


ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਦੀਵਾਲੀ ਮੌਕੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣ ਸਬੰਧੀ ਹਰਸਿਮਰਤ ਨੇ ਕਿਹਾ ਕਿ ਉਹ ਤਾਂ ਜਹਾਜ਼ ਦੀ ਫੈਕਟਰੀ ਲਾਉਣ ਦੀਆਂ ਗੱਲਾਂ ਕਰਦੇ ਸੀ, ਨਾਲੇ ਕਹਿੰਦੇ ਸੀ ਕਿ ਹਰ ਮਹੀਨੇ ਨਵੀਂ ਫੈਕਟਰੀ ਲੱਗੇਗੀ। ਉਨ੍ਹਾਂ ਕਿਹਾ ਕਿ ਇਹ ਬੋਲਦੇ ਕੁਝ ਹਨ ਤੇ ਕਰਦੇ ਕੁਝ ਹਨ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਡਰ ਲੱਗਦਾ ਹੈ ਜਦੋਂ ਇਹ ਬੋਲਦੇ ਹਨ।