Bathinda news (ਵਿਕਰਮ ਕੁਮਾਰ): ਬਠਿੰਡਾ ਪੁਲਿਸ ਨੇ ਪਿੰਡ ਫੂਲ ਤੋਂ 9 ਸਾਲਾ ਬੱਚੇ ਨੂੰ ਅਗਵਾਹ ਕਰਕੇ ਫਿਰੌਤੀ ਮੰਗਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਬਠਿੰਡਾ ਦੇ ਐੱਸ.ਪੀ. (ਡੀ) ਅਜੈ ਗਾਂਧੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਅਗਵਾ ਕੀਤੇ ਬੱਚੇ ਦੀ ਤਲਾਸ਼ ਲਈ ਸੀ.ਆਈ.ਏ ਬਠਿੰਡਾ ਦੀਆਂ ਟੀਮਾਂ ਬਣਾਈਆਂ ਗਈਆਂ ਸਨ।
ਬਠਿੰਡਾ ਪੁਲਿਸ ਨੇ ਅਗਵਾਹ ਹੋਏ ਬੱਚੇ ਦੀ ਤਲਾਸ਼ ਸਬੰਧੀ ਫੂਲ ਤੋਂ ਲੈ ਕੇ ਨੇੜਲੇ ਪਿੰਡਾਂ ਦੇ ਸੀਸੀਟੀਵੀ ਕੈਮਰੇ ਖੰਘਾਲ ਕੇ ਭਦੌੜ ਜ਼ਿਲ੍ਹਾ ਬਰਨਾਲਾ ਤੱਕ ਦੋਸ਼ੀ ਦਾ ਪਿੱਛਾ ਕੀਤਾ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਅਤੇ ਸ਼ੋਸਲ ਮੀਡੀਆ ‘ਤੇ ਬੱਚੇ ਦੀਆਂ ਤਸਵੀਰਾਂ ਵਾਇਰਲ ਕਰਨ ‘ਤੇ ਬੱਚਾ ਸਹੀ ਸਲਾਮਤ ਮਿਲ ਗਿਆ, ਜਿਸ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਬੱਚੇ ਨੂੰ ਅਗਵਾਹ ਕਰਨ ਵਾਲੇ ਵਿਅਕਤੀ ਬਾਰੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਤੇਜ਼ ਅਤੇ ਸੁਹਿਰਦ ਯਤਨਾਂ ਤੋਂ ਬਾਅਦ ਸੀ.ਆਈ.ਏ-1 ਬਠਿੰਡਾ ਦੀ ਟੀਮ ਨੇ ਅਗਵਾਹ ਕਰਨ ਵਾਲੇ ਮੁਲਜ਼ਮ ਮੁਹੰਮਦ ਆਰਿਫ਼ ਪੁੱਤਰ ਨਸੀਮ ਅਹਿਮਦ ਨੂੰ ਪਿੰਡ ਕਿਸ਼ਨਗੜ੍ਹ ਛੰਨਾ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Sangrur News: ਥਾਣੇਦਾਰ ਨੇ ਅਦਾਲਤ 'ਚ ਚਲਾਨ ਪੇਸ਼ ਕਰਨ ਬਦਲੇ ਮੰਗੀ 20,000 ਰੁਪਏ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਦਬੋਚਿਆ
ਇਸ ਦੇ ਨਾਲ ਹੀ ਉਸ ਕੋਲੋਂ 2 ਮੋਬਾਇਲ, ਜਿਨ੍ਹਾਂ ਤੋਂ ਫਿਰੌਤੀ ਮੰਗਦਾ ਸੀ ਅਤੇ ਬੱਚਿਆਂ ਦੀਆਂ ਵੀਡੀਓ ਬਣਾਉਂਦਾ ਸੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਕੱਦਮਾ ਹਜਾ ਵਿੱਚ ਜੁਰਮ 364ਏ,307 ਆਈ.ਪੀ.ਸੀ ਦਾ ਵਾਧਾ ਕੀਤਾ ਗਿਆ।
ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਕਤ ਅਗਵਾਕਾਰ ਨੇ ਬੱਚੇ ਦੀਆਂ ਵੀਡੀਓਜ਼ ਬਣਾ ਕੇ ਬੱਚੇ ਦਾ ਗਲਾ ਘੁੱਟ ਕੇ ਨਹਿਰ ਕੋਲ ਅਹਿਮਦਗੜ੍ਹ ਨੇੜੇ ਸੁੱਟ ਦਿੱਤਾ ਸੀ।
ਇਸ ਤੋਂ ਬਾਅਦ ਅਗਵਾਹਕਾਰ ਨੇ ਬੱਚੇ ਦੀਆਂ ਵੀਡੀਓ ਨੂੰ ਬੱਚੇ ਦੇ ਮਾਪਿਆਂ ਨੂੰ ਭੇਜ ਕੇ 50 ਲੱਖ ਰੁਪਏ ਦੀ ਮੰਗ ਕਰਨ ਦੀ ਕੋਸ਼ਿਸ ਕੀਤੀ। ਹੁਣ ਦੋਸ਼ੀ ਮੁਹੰਮਦ ਆਰਿਫ਼ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Ludhiana news: ਹਥਿਆਰ ਰੱਖਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅਸਲਾ ਧਾਰਕਾਂ ਨੂੰ ਹਥਿਆਰ ਜਮ੍ਹਾ ਕਰਵਾਉਣ ਸਬੰਧੀ ਨਿਰਦੇਸ਼ ਕੀਤੇ ਜਾਰੀ