ਬਠਿੰਡਾ: ਬਠਿੰਡਾ ਪੁਲਿਸ ਨੇ ਪਿੰਡ ਕੋਟ ਗੁਰੂ ਵਿੱਚ 16 ਅਗਸਤ ਨੂੰ ਸੁਖਪਾਲ ਕੌਰ ਨਾਂ ਦੀ ਮਹਿਲਾ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਮਹਿਲਾ ਦੇ ਬੇਟੇ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕੀਤਾ ਸੀ। ਦਰਅਸਲ ਮੁੰਡੇ ਨੂੰ ਸ਼ੱਕ ਸੀ ਕਿ ਉਸ ਦੀ ਮਾਂ ਦੇ ਕਿਸੇ ਆਦਮੀ ਨਾਲ ਨਾਜਾਇਜ਼ ਸਬੰਧ ਹਨ। ਇਸੇ ਲਈ ਉਸ ਨੇ ਆਪਣੀ ਮਾਂ ਨੂੰ ਮਾਰ ਦਿੱਤਾ।


ਪੁਲਿਸ ਨੇ ਪੂਰੇ ਮਾਮਲੇ ਵਿੱਚ ਮੁਲਜ਼ਮ ਮੁੰਡੇ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇੱਕ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪਿੰਡ ਕੋਟ ਗੁਰੂ ਵਿੱਚ ਜਸਵੀਰ ਨਾਂ ਦੇ 33 ਸਾਲਾ ਨੌਜਵਾਨ ਨੇ 16 ਅਗਸਤ ਨੂੰ ਆਪਣੀ ਮਾਂ ਸੁਖਪਾਲ ਕੌਰ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਸੀ।


ਬਠਿੰਡਾ ਪੁਲਿਸ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਵੀਰ ਨੇ ਆਪਣੀ ਮਾਂ 'ਤੇ ਸ਼ੱਕ ਦੇ ਚੱਲਦਿਆਂ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਕਤਲ ਕੀਤਾ। ਪੁਲਿਸ ਨੇ ਮੁਲਜ਼ਮ ਪੁੱਤ ਸਮੇਤ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਮੁਲਜ਼ਮ ਜਗਤਾਰ ਸਿੰਘ ਹਾਲੇ ਵੀ ਫਰਾਰ ਹੈ ਜੋ ਪਹਿਲਾਂ ਹੀ ਕਤਲ ਕੇਸ ਦੀ ਸਜ਼ਾ ਕੱਟ ਰਿਹਾ ਹੈ ਤੇ ਜ਼ਮਾਨਤ 'ਤੇ ਰਿਹਾਅ ਸੀ।