ਬਠਿੰਡਾ: ਅੱਜ ਇੱਥੋਂ ਦੇ ਇੱਕ ਟੂਰ ਐਂਡ ਟ੍ਰੈਵਲਰਜ਼ ਕੰਪਨੀ ਦੇ ਮਾਲਕ ਦੱਸਿਆ ਕਿ ਬੀਤੇ ਸਾਲ ਵੋਟਾਂ ਦੇ ਸਮੇਂ ਉਸ ਨੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਲਈ ਕੁਝ ਗੱਡੀਆਂ ਕਿਰਾਏ 'ਤੇ ਭੇਜੀਆਂ ਸਨ, ਜਿਨ੍ਹਾਂ ਦਾ ਬਕਾਇਆ ਬਿਲ 24 ਲੱਖ ਰੁਪਏ ਹਾਲੇ ਤਕ ਅਦਾ ਨਹੀਂ ਕੀਤਾ ਗਿਆ ਹੈ।

ਮਾਲਕ ਪ੍ਰਿਥਵੀ ਰਾਮ ਬਾਂਸਲ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਉਸ ਨੇ ਬਠਿੰਡਾ ਦੇ ਡੀ.ਸੀ. ਦੇ ਕਹਿਣ 'ਤੇ ਇਹ ਕਾਰਾਂ ਬਾਦਲ ਪਰਿਵਾਰ ਲਈ ਭੇਜੀਆਂ ਸਨ।

ਉਸ ਨੇ ਦੱਸਿਆ ਕਿ ਪਹਿਲਾਂ ਵੋਟਾਂ ਲਈ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਏਮਜ਼ ਦੇ ਨੀਂਹ ਪੱਥਰ ਸਮਾਗਮ ਵਾਲੇ ਦਿਨ ਵੀ ਆਪਣੀਆਂ ਗੱਡੀਆਂ ਭੇਜੀਆਂ ਸਨ।



ਪ੍ਰਿਥਵੀ ਰਾਮ ਨੇ ਦੱਸਿਆ ਕਿ 1 ਮਈ 2016 ਤੋਂ ਲੈ ਕੇ 31 ਦਸੰਬਰ 2016 ਤਕ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਵੱਖ-ਵੱਖ ਸੰਗਤ ਦਰਸ਼ਨ ਪ੍ਰੋਗਰਾਮਾਂ ਲਈ ਇਨੋਵਾ ਗੱਡੀਆਂ ਭੇਜੀਆਂ ਸਨ। ਉਸ ਨੇ ਦੱਸਿਆ ਕਿ ਇਨ੍ਹਾਂ ਦਾ ਬਿਲ 14,50,000 ਰੁਪਏ ਬਣਦਾ ਹੈ, ਜੋ ਹਾਲੇ ਤਕ ਅਦਾ ਨਹੀਂ ਕੀਤਾ ਗਿਆ।

ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਡੀ.ਸੀ. ਬਠਿੰਡਾ ਦੇ ਕਹਿਣ 'ਤੇ ਉਸ ਨੇ 21 ਨਵੰਬਰ 2016 ਤੋਂ ਲੈ ਕੇ 25 ਨਵੰਬਰ 2016 ਤਕ ਕਈ ਅਫ਼ਸਰਾਂ ਨੂੰ ਇਨੋਵਾ ਗੱਡੀਆਂ ਮੁਹੱਈਆ ਕਰਵਾਈਆਂ ਸਨ। ਉਸ ਸਮੇਂ ਪ੍ਰਧਾਨ ਨਰੇਂਦਰ ਮੋਦੀ ਬਠਿੰਡਾ ਵਿੱਚ ਏਮਜ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਇਸ ਦਾ ਬਿਲ 9,56,000 ਰੁਪਏ ਬਣਦਾ ਹੈ।



ਪ੍ਰਿਥਵੀ ਰਾਮ ਬਾਂਸਲ ਨੇ ਦੱਸਿਆ ਕਿ ਗੱਡੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਸ ਨੇ ਹੋਰਨਾਂ ਟੂਰ ਐਂਡ ਟ੍ਰੈਵਲਜ਼ ਤੋਂ ਵੀ ਗੱਡੀਆਂ ਲੈ ਕੇ ਦਿੱਤੀਆਂ ਸਨ, ਜਿਨ੍ਹਾਂ ਦੀ ਅਦਾਇਗੀ ਉਸ ਨੂੰ ਆਪਣੇ ਪੱਲਿਓਂ ਕਰਨੀ ਪਈ ਹੈ। ਉਸ ਨੇ ਕਿਹਾ ਕਿ ਇਸ ਰਕਮ ਦਾ ਭਾਰੀ ਵਿਆਜ ਵੀ ਉਹ ਚੁਕਾ ਰਿਹਾ ਹੈ।

ਟ੍ਰੈਵਲ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਉਹ ਆਪਣੇ ਪੈਸੇ ਲਈ ਡੀ.ਸੀ. ਨੂੰ ਮਿਲਣ ਤੋਂ ਇਲਾਵਾ ਮੁੱਖ ਮੰਤਰੀ ਤੇ ਇੱਥੋਂ ਤਕ ਕੇ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰ ਚੁੱਕਾ ਹੈ, ਪਰ ਹਾਲੇ ਤਕ ਉਸ ਨੂੰ ਇੱਕ ਵੀ ਪੈਸਾ ਨਹੀਂ ਮਿਲਿਆ। ਉਸ ਨੇ ਸਰਕਾਰ ਤੋਂ ਉਸ ਦਾ ਪੈਸਾ ਛੇਤੀ ਤੋਂ ਛੇਤੀ ਦੇਣ ਦੀ ਅਪੀਲ ਕੀਤੀ।