Punjab News: ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਪੋਲ ਖੁੱਲ੍ਹਣ ਲੱਗੀ ਹੈ। ਬੇਸ਼ੱਕ ਪੁਲਿਸ ਵੱਲੋਂ ਹਜ਼ਾਰਾਂ ਪਰਚੇ ਦਰਜ ਕਰਨ ਤੇ ਨਸ਼ਾ ਤਸਕਰਾਂ ਨੂੰ ਜੇਲ੍ਹ ਵਿੱਚ ਡੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਉਪਰ ਅਸਲੀਅਤ ਕੁਝ ਹੋਰ ਹੀ ਹੈ। ਨਸ਼ਾ ਤਸਕਰਾਂ ਤੋਂ ਤੰਗ ਆ ਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖ਼ਤੌਰ ਨੂੰ ਵੇਚਣ ਤੱਕ ਦੀ ਨੌਬਤ ਆ ਗਈ ਹੈ। ‘ਸਾਡਾ ਪਿੰਡ ਵਿਕਾਊ ਹੈ’ ਦੇ ਪੋਸਟਰ ਲੱਗਣ ਮਗਰੋਂ ਸੋਸ਼ਲ ਮੀਡੀਆ ਉਪਰ ਪੁਲਿਸ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
ਇਸ ਨੂੰ ਲੈ ਕੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਨੌਜਵਾਨ ਦੀ ਵੀਡੀਓ ਸਾਂਝੀ ਕਰਦਿਆਂ ਸੋਸ਼ਲ ਮੀਡੀਆ ਉੱਤੇ ਲਿਖਿਆ, ਮੌੜ ਮੰਡੀ ਦੇ ਪਿੰਡ ਭਾਈ ਬਖਤੌਰ ਵਿੱਚ ‘ਆਪ ਸਰਕਾਰ’ ਦੀ ਸ਼ਹਿ ‘ਤੇ ਪੁਲਿਸ ਅਤੇ ਨਸ਼ਾ ਮਾਫ਼ੀਆ ਵਾਲਿਆਂ ਦੀ ਚੱਲ ਰਹੀ ਗੁੰਡਾਗਰਦੀ ਦੇਖੋ !ਇਸ ਨੌਜਵਾਨ ਦੇ ਬਿਆਨ ਨੇ ਭਗਵੰਤ ਮਾਨ ਤੇ ਇਸਦੀ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਦੀ ਕੀਤੀ ਜਾ ਰਹੀ ਡਰਾਮੇਬਾਜ਼ੀ ਦੇ ਪਾਜ ਉਧੇੜ ਕੇ ਰੱਖ ਦਿੱਤੇ ਹਨ ।
ਪਿੰਡ ਭਾਈ ਬਖਤੌਰ ਦੇ ਇੱਕ ਨੌਜਵਾਨ ਵੱਲੋਂ ਨਸ਼ਾ ਤਸਕਰਾਂ ਦਾ ਵਿਰੋਧ ਕੀਤੇ ਜਾਣ ‘ਤੇ ਉਸਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਤੇ ਉਸ ਪੀੜਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਵੱਲੋਂ ਲਗਾਤਾਰ ਧਮਕਾਇਆ ਜਾਣਾ ਆਪ ਸਰਕਾਰ ਦੀ ਸ਼ਹਿ 'ਤੇ ਉਭਰੇ ਗੁੰਡਾ ਰਾਜ ਦਾ ਸਿਖਰ ਹੈ । ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹੀ ਤੁਹਾਡਾ "ਯੁੱਧ ਨਸ਼ਿਆਂ ਵਿਰੁੱਧ" ਸੀ ?
ਵਾਇਰਲ ਹੋਈ ਵੀਡੀਓ ਵਿੱਚ ਕੀ ਕੁਝ ਕਿਹਾ ?
ਪਿੰਡ ਦੇ ਨੌਜਵਾਨ ਲਖਵੀਰ ਸਿੰਘ ਸਿੱਧੂ (ਲੱਖੀ) ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਪਿੰਡ ਦੀ ਕੰਧ ’ਤੇ ਲੱਗੇ ਹੱਥ ਲਿਖਤ ਪੋਸਟਰ ’ਤੇ ਲਿਖਿਆ ਹੈ ‘ਸਾਡਾ ਪਿੰਡ ਵਿਕਾਊ ਹੈ’। ਲੱਖੀ ਸਿੱਧੂ ਦਾ ਕਹਿਣਾ ਹੈ ਕਿ ਪਿੰਡ ’ਚ ਬਿਨਾਂ ਰੋਕ-ਟੋਕ ਦੇ ਪਨਪ ਰਹੇ ਨਸ਼ੇ ਦੇ ਵਪਾਰ ਕਾਰਨ ਪਿੰਡ ਵਸਦੇ ਹਰ ਵਰਗ ਦੇ ਬਾਸ਼ਿੰਦੇ ਨੂੰ ਖ਼ਤਰਾ ਹੈ।
ਉਸ ਨੇ ਕਿਹਾ ਕਿ ਪਿੰਡ ਵਾਲਿਆਂ ਕੋਲ ਆਪਣੀ ਉਪਜੀਵਕਾ ਦੇ ਸਾਧਨਾਂ ਨੂੰ ਇੱਥੇ ਛੱਡ ਕੇ ਹਿਜ਼ਰਤ ਕਰਨ ਤੋਂ ਬਗ਼ੈਰ ਕੋਈ ਚਾਰਾ ਨਹੀਂ। ਇੱਥੋਂ ਦੇ ਹਾਲਾਤ ਉੱਤਰ ਪ੍ਰਦੇਸ਼ ਤੇ ਬਿਹਾਰ ਨਾਲੋਂ ਬਦਤਰ ਹੋ ਚੁੱਕੇ ਹਨ। ਉਸ ਨੇ ਕਿਹਾ ਕਿ ਪਿੰਡ ’ਚ ਦੋ-ਤਿੰਨ ਨਸ਼ਾ ਤਸਕਰ ਸ਼ਰੇਆਮ ਆਪਣਾ ਕਾਰੋਬਾਰ ਚਲਾਉਂਦੇ ਰਹੇ, ਪਰ ਪੁਲਿਸ ਖ਼ਾਮੋਸ਼ ਹੈ। ਉਸ ਨੇ ਕਿਹਾ ਕਿ ਰਣਵੀਰ ਸਿੰਘ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਵਰਜ ਕੇ ਖੇਡ ਦੇ ਮੈਦਾਨਾਂ ’ਚ ਆਉਣ ਲਈ ਪ੍ਰੇਰਿਆ ਤਾਂ ਅੱਜ ਉਸ ਦਾ ਹਸ਼ਰ ਸਾਹਮਣੇ ਹੈ। ਪ੍ਰਸ਼ਾਸਨ ਨੂੰ ਹਲੂਨਣ ਲਈ ਪਿੰਡ ਦੇ ਕੁਝ ਵਸਨੀਕਾਂ ਨੇ ਇਸ ਤੋਂ ਪਹਿਲਾਂ ਵੀ ਪਿੰਡ ਵਿੱਚ ਇੱਕ ਪੋਸਟਰ ਲਾਇਆ ਸੀ, ਜਿਸ ’ਤੇ ਲਿਖਿਆ ਸੀ ‘ਇੱਥੇ ਨਸ਼ੀਲੇ ਪਦਾਰਥ ਵੇਚੇ ਜਾਂਦੇ ਹਨ।’