ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਬਿਆਸ 'ਚ ਬੀਤੀ ਸ਼ਾਮ ਨਿਹੰਗ ਸਿੰਘਾਂ ਤੇ ਡੇਰਾ ਰਾਧਾ ਸਵਾਮੀ ਬਿਆਸ ਦੇ ਪੈਰੋਕਾਰਾਂ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਏਡੀਜੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਅੱਜ ਬਿਆਸ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। 


ਸ਼ੁਕਲਾ ਨੇ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਤੇ ਹਾਲਾਤ ਆਮ ਬਣਾਈ ਰੱਖਣ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ।


ਥਾਣਾ ਬਿਆਸ 'ਚ ਮੀਡੀਆ ਨਾਲ ਗੱਲਬਾਤ ਕਰਦੇ ਏਡੀਜੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਬਿਆਸ 'ਚ ਕੱਲ ਜੋ ਵਿਵਾਦ ਹੋਇਆ, ਉਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਇਆ ਪੁਲਿਸ ਸਖ਼ਤ ਕਾਰਵਾਈ ਕਰੇਗੀ। 
ਸ਼ੁਕਲਾ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਇਸ ਕਰਕੇ ਹਰ ਪਹਿਲੂ ਨੂੰ ਗੰਭੀਰਤਾ ਨਾਲ ਵਾਚਿਆ ਜਾ ਰਿਹਾ ਹੈ ਪਰ ਪੁਲਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਤੋਂ ਗੁਰੇਜ਼ ਨਹੀਂ ਕਰੇਗੀ। ਸ਼ੁਕਲਾ ਨੇ ਕਿਹਾ ਕਿ ਕੱਲ੍ਹ ਦੇ ਵਿਵਾਦ ਬਾਰੇ ਜਿਨ੍ਹਾਂ ਨੇ ਅਫਵਾਹਾਂ ਫੈਲਾਈਆਂ ਜਾਂ ਗ਼ਲਤ ਪ੍ਰਚਾਰ ਕੀਤਾ, ਉਨਾਂ ਦੇ ਖ਼ਿਲਾਫ਼ ਵੀ ਪੁਲਸ ਕਾਰਵਾਈ ਕਰੇਗੀ। 


ਇਹ ਵੀ ਪੜ੍ਹੋ: ਬਿਆਸ ਡੇਰਾ ਸਮਰਥਕਾਂ ਤੇ ਨਿਹੰਗਾਂ ਵਿਚਾਲੇ ਝੜਪ ਮਗਰੋਂ ਸਥਿਤੀ ਦਾ ਜਾਇਜ਼ਾ ਲੈਣ ਪਹੁੰਚ ਰਹੇ ਏਡੀਜੀਪੀ ਲਾਅ ਐਂਡ ਆਰਡਰ


ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਸੋਸ਼ਲ ਮੀਡੀਆ ਦੀਆਂ ਖ਼ਬਰਾਂ ਨੂੰ ਵੈਰੀਫਾਈ ਕਰਨ ਤੇ ਤੁਰੰਤ ਯਕੀਨ ਨ ਕਰਨ। ਸ਼ੁਕਲਾ ਨੇ ਪੁਲਸ ਨੇ ਲਾਠੀਚਾਰਜ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਪੁਲਿਸ ਵੱਲੋਂ ਕੀਤੀ ਸਖ਼ਤ ਕਾਰਵਾਈ ਕਾਰਨ ਹੀ ਵੱਡਾ ਟਕਰਾਅ ਹੋਣੋ ਟਲ ਗਿਆ ਤੇ ਪੁਲਸ ਨੇ ਦੋਵਾਂ ਧਿਰਾਂ ਨੂੰ ਖਦੇੜ ਕੇ ਸ਼ਲਾਘਾਯੋਗ ਕੰਮ ਕੀਤਾ।


 ਕੀ ਹੈ ਪੂਰਾ ਮਾਮਲਾ ?


ਬੀਤੀ ਸ਼ਾਮ ਗਊਂਆਂ ਦੇ ਡੇਰੇ ਦੀ ਜ਼ਮੀਨ 'ਚ ਦਾਖਲ ਹੋਣ ਤੋਂ ਬਆਦ ਨਿਹੰਗ ਸਿੰਘ ਤੇ ਡੇਰੇ ਦੇ ਸੇਵਾਦਾਰਾਂ ਵਿਚਾਲੇ ਹਿੰਸਕ ਟਕਰਾ ਹੋ ਗਿਆ ਸੀ ਤੇ ਭਾਰੀ ਫੋਰਸ ਸਮੇਤ ਪੁਲਿਸ ਨੇ ਦੋਵਾਂ ਧਿਰਾਂ 'ਤੇ ਲਾਠੀਚਾਰਜ ਕਰਕੇ ਦੋਵਾਂ ਧਿਰਾਂ ਨੂੰ ਖਦੇੜਿਆ, ਇਸ ਦੌਰਾਨ ਇੱਟਾਂ ਪੱਥਰ ਚੱਲੇ ਤੇ ਹਵਾਈ ਫਾਇਰਿੰਗ ਵੀ ਹੋਈ। ਇਕ ਪੁਲਿਸ ਕਰਮੀ ਸਮੇਤ ਸੱਤ ਵਿਅਕਤੀ ਜ਼ਖਮੀ ਹੋਏ ਸੀ।


ਇਹ ਵੀ ਪੜ੍ਹੋ: ਬਿਆਸ 'ਚ ਹਾਲਾਤ ਕਾਬੂ, ਅਫ਼ਵਾਹਾਂ ਫੈਲਾਉਣ ਵਾਲਿਆਂ 'ਤੇ ਬਾਜ਼ ਨਜ਼ਰ, ਹੋਵੇਗੀ ਸਖ਼ਤ ਕਾਰਵਾਈ