Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ
Mohali News : ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਦਾਦਪੁਰ ਮੁਹੱਲੇ ਵਿੱਚ ਹੋਲੀ 'ਤੇ ਕਥਿਤ ਤੌਰ 'ਤੇ ਗੁੰਡਾਗਰਦੀ ਅਤੇ ਕੁੱਟਮਾਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ

Mohali News : ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਦਾਦਪੁਰ ਮੁਹੱਲੇ ਵਿੱਚ ਹੋਲੀ 'ਤੇ ਕਥਿਤ ਤੌਰ 'ਤੇ ਗੁੰਡਾਗਰਦੀ ਅਤੇ ਕੁੱਟਮਾਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਥੇ ਸੁੰਦਰ ਪੇਂਟ ਵਾਲੇ ਦੀ ਦੁਕਾਨ ਨੇੜੇ ਵਾਪਰੀ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਵੀਡੀਓ ਵਿੱਚ ਕੁਝ ਨੌਜਵਾਨ ਲੜਦੇ ਝਗੜੇ ਅਤੇ ਕੁਰਸੀਆਂ- ਡੰਡੇ ਚਲਾਉਂਦੇ ਦਿਖਾਈ ਦੇ ਰਹੇ ਹਨ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ।
ਸਥਾਨਕ ਨਿਵਾਸੀਆਂ ਦੇ ਅਨੁਸਾਰ ਹੋਲੀ ਵਾਲੇ ਦਿਨ ਕੁਝ ਨੌਜਵਾਨ ਸ਼ਾਮ ਨੂੰ ਸ਼ਰਾਬ ਦੇ ਨਸ਼ੇ 'ਚ ਧੁੱਤ ਇਕੱਠੇ ਹੋਏ ਸਨ। ਉਨ੍ਹਾਂ ਵਿਚਕਾਰ ਬਹਿਸ ਹੋ ਗਈ, ਜੋ ਕੁੱਟਮਾਰ ਵਿੱਚ ਬਦਲ ਗਈ। ਅਚਾਨਕ ਹੋਏ ਹੰਗਾਮੇ ਨਾਲ ਨੇੜਲੇ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਦਹਿਸ਼ਤ ਮਚ ਗਈ। ਡਰੇ ਹੋਏ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਲਈਆਂ ਅਤੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ।
ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਆਂਢ-ਗੁਆਂਢ ਦੇ ਨਿਵਾਸੀਆਂ ਦਾ ਆਰੋਪ ਹੈ ਕਿ ਇਹ ਘਟਨਾ ਨਵੀਂ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਨੌਜਵਾਨ ਰੋਜ਼ਾਨਾ ਸ਼ਰਾਬ ਪੀਂਦੇ ਹਨ ਅਤੇ ਇਲਾਕੇ ਵਿੱਚ ਰੌਲਾ ਪਾਉਂਦੇ ਹਨ ਅਤੇ ਲੜਾਈ-ਝਗੜਾ ਕਰਦੇ ਹਨ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਕਈ ਵਾਰ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇੱਕ ਸਥਾਨਕ ਦੁਕਾਨਦਾਰ ਨੇ ਕਿਹਾ, "ਜਦੋਂ ਪੁਲਿਸ ਆਉਂਦੀ ਹੈ ਤਾਂ ਕੁੱਝ ਦੇਰ ਮਾਹੌਲ ਸ਼ਾਂਤ ਰਹਿੰਦਾ ਹੈ ਪਰ ਰਾਤ ਹੁੰਦੇ ਹੀ ਓਹੀ ਹਾਲਾਤ ਬਣ ਜਾਂਦੇ ਹਨ। ਇੱਕ ਔਰਤ ਨੇ ਇਹ ਵੀ ਕਿਹਾ ਕਿ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਦੇ ਵਿਵਹਾਰ ਬਾਰੇ ਸੂਚਿਤ ਕੀਤਾ ਗਿਆ ਪਰ ਉਹ ਕੋਈ ਕਾਰਵਾਈ ਨਹੀਂ ਕਰਦੇ।
ਲੋਕਾਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਲਾਕੇ ਵਿੱਚ ਨਿਯਮਤ ਪੁਲਿਸ ਗਸ਼ਤ ਵਧਾਏ ਅਤੇ ਗੜਬੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ।























