ਚੰਡੀਗੜ੍ਹ: ਅਕਤੂਬਰ 2015 ਵਿੱਚ ਵਾਪਰੇ ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ 'ਚ ਤਤਕਾਲੀ ਇੰਸਪੈਕਟਰ ਪਰਦੀਪ ਸਿੰਘ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਰਦੀਪ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ।
ਇਹ ਵੀ ਪੜ੍ਹੋ- ਬਹਿਬਲ ਕਲਾਂ ਗੋਲ਼ੀਕਾਂਡ: ਸਾਬਕਾ SSP ਸ਼ਰਮਾ ਗਏ ਨਿਆਂਇਕ ਹਿਰਾਸਤ 'ਚ, ਅਦਾਲਤ ਨੇ ਠੁਕਰਾਈ ਫਰਿਆਦ
ਬੁੱਧਵਾਰ ਨੂੰ ਹਾਈ ਕੋਰਟ ਦੇ ਜਸਟਿਸ ਰਮਿੰਦਰ ਜੈਨ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪਰਦੀਪ ਸਿੰਘ ਦੀ ਗ੍ਰਿਫ਼ਤਾਰੀ 'ਤੇ 21 ਮਈ ਤਕ ਰੋਕ ਲਾਉਂਦਿਆਂ ਪੰਜਾਬ ਸਰਕਾਰ ਤੋਂ ਵੀ ਇਸ ਮਾਮਲੇ 'ਤੇ ਜਵਾਬ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਪ੍ਰਗਟ ਕਰ ਰਹੇ ਸਿੱਖਾਂ 'ਤੇ ਅਕਤੂਬਰ 2015 ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਕਾਰਵਾਈ ਹੋਈ ਸੀ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਕਈ ਜਣੇ ਜ਼ਖ਼ਮੀ ਹੋ ਗਏ ਸਨ।
ਸਬੰਧਤ ਖ਼ਬਰ- ਅਦਾਲਤ ਨੇ ਬਹਿਬਲ ਕਲਾਂ ਗੋਲ਼ੀਕਾਂਡ ਦੇ ਮੁਲਜ਼ਮ ਪੁਲਿਸ ਅਫ਼ਸਰਾਂ ਦੀ ਝੋਲੀ ਨਾ ਪਾਈ ਖੈਰ
ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਮੁਲਜ਼ਮ ਮੋਗਾ ਦੇ ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ, ਉਨ੍ਹਾਂ ਦੇ ਰੀਡਰ ਇੰਸਪੈਕਟਰ ਪਰਦੀਪ ਸਿੰਘ, ਫ਼ਾਜ਼ਿਲਕਾ ਦੇ ਐਸਪੀ ਬਿਕਰਮਜੀਤ ਸਿੰਘ ਤੇ ਥਾਣਾ ਬਾਜਾਖਾਨਾ ਦੇ ਇੰਚਾਰਜ ਸਬ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਨਾਮਜ਼ਦ ਹਨ।
ਇਹ ਵੀ ਪੜ੍ਹੋ- ਬਹਿਬਲ ਕਲਾਂ ਗੋਲ਼ੀਕਾਂਡ 'ਚ ਬਾਦਲਾਂ ਨੂੰ ਅਦਾਲਤ ਵੱਲੋਂ ਰਾਹਤ
ਸ਼ਰਮਾ ਨੂੰ ਐਸਆਈਟੀ ਨੇ ਵਿਦੇਸ਼ ਭੱਜਣ ਦੇ ਖ਼ਦਸ਼ੇ ਤਹਿਤ ਬੀਤੀ 27 ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਸ ਸਮੇਂ ਉਹ ਨਿਆਂਇਕ ਹਿਰਾਸਤ 'ਤੇ ਹਨ। ਉੱਧਰ, ਫ਼ਰੀਦਕੋਟ ਅਦਾਲਤ ਬੀਤੀ ਦੋ ਫਰਵਰੀ ਨੂੰ ਬਾਕੀ ਤਿੰਨੇ ਪੁਲਿਸ ਮੁਲਾਜ਼ਮਾਂ ਦੀਆਂ ਅਗਾਊਂ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ, ਜਿਸ ਨਾਲ ਉਨ੍ਹਾਂ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ, ਕਿਉਂਕਿ ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਤਿੰਨਾਂ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ ਪਰ ਉਹ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ। ਹੁਣ ਅਦਾਲਤ ਨੇ ਇੰਸਪੈਕਟਰ ਪਰਦੀਪ ਸਿੰਘ ਨੂੰ ਕੁਝ ਸਮੇਂ ਲਈ ਰਾਹਤ ਦੇ ਦਿੱਤੀ ਹੈ ਅਤੇ ਹੁਣ ਬਾਕੀਆਂ ਵੱਲੋਂ ਵੀ ਅਦਾਲਤ ਤਕ ਪਹੁੰਚ ਕਰਨ ਦੀ ਉਮੀਦ ਹੈ।
ਸਬੰਧਤ ਖ਼ਬਰ- ਸੁਖਬੀਰ ਬਾਦਲ ਲਈ ਨਵੀਂ ਮੁਸੀਬਤ, ਜਸਟਿਸ ਰਣਜੀਤ ਨੇ ਠੋਕਿਆ 'ਮੁਕੱਦਮਾ'