ਨਵੇਂ ਸਾਲ ਮੌਕੇ ਜੇਕਰ ਤੁਹਾਡੇ ਮੋਬਾਈਲ ‘ਤੇ HAPPY NEW YEAR ਦਾ ਮੈਸੇਜ ਆਉਂਦਾ ਹੈ, ਤਾਂ ਉਸਨੂੰ ਕਲਿੱਕ ਕਰਦੇ ਸਮੇਂ ਖਾਸ ਸਾਵਧਾਨੀ ਵਰਤੋਂ। ਕਿਤੇ ਅਜਿਹਾ ਨਾ ਹੋਵੇ ਕਿ ਸ਼ੁਭਕਾਮਨਾਵਾਂ ਦੇ ਚੱਕਰ ਵਿੱਚ ਤੁਹਾਡਾ ਮੋਬਾਈਲ ਹੈਕ ਹੋ ਜਾਵੇ ਅਤੇ ਮੋਬਾਈਲ ਦਾ ਸਾਰਾ ਡਾਟਾ, ਬੈਂਕ ਖਾਤੇ ਦੀ ਜਾਣਕਾਰੀ ਅਤੇ OTP ਹੈਕਰਾਂ ਦੇ ਹੱਥ ਲੱਗ ਜਾਵੇ। ਇਸ ਸਬੰਧ ਵਿੱਚ ਪੰਜਾਬ ਪੁਲਿਸ ਦੀ ਸਾਇਬਰ ਸੈੱਲ ਵੱਲੋਂ ਲੋਕਾਂ ਲਈ ਵਿਸ਼ੇਸ਼ ਅਲਰਟ ਜਾਰੀ ਕੀਤਾ ਗਿਆ ਹੈ।
ਪੁਲਿਸ ਦੀ ਸਾਇਬਰ ਸੈੱਲ ਦੇ ਅਧਿਕਾਰੀਆਂ ਮੁਤਾਬਕ ਹੈਕਰ ਅਜਿਹੇ ਮੌਕਿਆਂ ਦੀ ਤਾਕ ਵਿੱਚ ਰਹਿੰਦੇ ਹਨ, ਜਦੋਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਮੈਸੇਜ ਮਿਲਦੇ ਹਨ। ਇਸੇ ਦੌਰਾਨ ਉਹ ਵੀ ਧੋਖਾਧੜੀ ਵਾਲੇ ਮੈਸੇਜ ਭੇਜ ਦਿੰਦੇ ਹਨ। ਮੈਸੇਜਾਂ ਦੀ ਭੀੜ ਵਿੱਚ ਆਮ ਲੋਕ ਗਲਤੀ ਨਾਲ ਹਰ ਮੈਸੇਜ ‘ਤੇ ਕਲਿੱਕ ਕਰ ਲੈਂਦੇ ਹਨ, ਜਿਸ ਨਾਲ ਸਾਇਬਰ ਠੱਗੀ ਦਾ ਖਤਰਾ ਵਧ ਜਾਂਦਾ ਹੈ।
ਇਸ ਦੌਰਾਨ ਹੈਕਰਾਂ ਵੱਲੋਂ ਭੇਜਿਆ ਗਿਆ ਮੈਸੇਜ ਵੀ ਕਲਿੱਕ ਹੋ ਸਕਦਾ ਹੈ, ਜਿਸ ਨਾਲ ਲੋਕਾਂ ਦਾ ਮੋਬਾਈਲ ਹੈਕ ਹੋ ਜਾਣ ਦਾ ਖਤਰਾ ਬਣ ਜਾਂਦਾ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਬਿਨਾਂ ਕਿਸੇ ਵੈਰੀਫਿਕੇਸ਼ਨ ਦੇ ਕਿਸੇ ਵੀ ਮੈਸੇਜ ‘ਤੇ ਕਲਿੱਕ ਨਾ ਕੀਤਾ ਜਾਵੇ। ਇੱਥੋਂ ਤੱਕ ਕਿ ਕਿਸੇ ਵੀ ਅਣਜਾਣ ਫੋਟੋ ਜਾਂ ਫ਼ਾਇਲ ਨੂੰ ਡਾਊਨਲੋਡ ਕਰਨ ਤੋਂ ਵੀ ਬਚੋ।
ਲੁਧਿਆਣਾ ਸਾਇਬਰ ਸੈੱਲ ਮੁਤਾਬਕ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ, ਹੈਕਰ ਸਰਗਰਮ ਹੋ ਜਾਂਦੇ ਹਨ। ਦੀਵਾਲੀ ਦੇ ਸਮੇਂ ਵੀ ਕਈ ਲੋਕਾਂ ਨੂੰ ਹੈਕਰਾਂ ਵੱਲੋਂ ਮੈਸੇਜ ਆਏ ਸਨ ਅਤੇ ਕਈ ਮੋਬਾਈਲ ਹੈਕ ਹੋਏ ਸਨ। ਇਸੇ ਲਈ ਪੁਲਿਸ ਨੇ ਨਵੇਂ ਸਾਲ ਮੌਕੇ ਲੋਕਾਂ ਨੂੰ ਪਹਿਲਾਂ ਹੀ ਸਾਵਧਾਨ ਰਹਿਣ ਲਈ ਅਲਰਟ ਜਾਰੀ ਕਰ ਦਿੱਤਾ ਹੈ।
ਹੈਕਰ ਅਜਿਹੇ ਮੌਕੇ ਕਿਉਂ ਚੁਣਦੇ ਹਨ?
ਨਵਾਂ ਸਾਲ ਹੋਵੇ ਜਾਂ ਕੋਈ ਹੋਰ ਤਿਉਹਾਰ, ਇਸ ਦੌਰਾਨ ਲੋਕ ਇੱਕ-ਦੂਜੇ ਨੂੰ ਵਧਾਈ ਦੇਣ ਲਈ ਵੱਖ-ਵੱਖ ਅੰਦਾਜ਼ ਵਿੱਚ ਡਿਜ਼ਿਟਲ ਕਾਰਡ ਬਣਾਕੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਭੇਜਦੇ ਹਨ। ਕਈ ਲੋਕ ਸਰਪ੍ਰਾਈਜ਼ ਦੇਣ ਲਈ ਡਿਜ਼ਿਟਲ ਲਿੰਕ ਤਿਆਰ ਕਰਵਾਉਂਦੇ ਹਨ, ਜਿਨ੍ਹਾਂ ਵਿੱਚ ਜਸ਼ਨ ਨਾਲ ਜੁੜੀਆਂ ਵੀਡੀਓ ਕਲਿੱਪਾਂ ਹੁੰਦੀਆਂ ਹਨ। ਹੈਕਰ ਵੀ ਠੀਕ ਇਸੇ ਤਰ੍ਹਾਂ ਦੇ ਲਿੰਕ ਤਿਆਰ ਕਰਕੇ ਲੋਕਾਂ ਨੂੰ ਭੇਜ ਦਿੰਦੇ ਹਨ, ਤਾਂ ਜੋ ਲੋਕ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਖੋਲ੍ਹ ਲੈਣ।
ਹੈਕਰ ਇਸ ਤਰ੍ਹਾਂ ਕਰਦੇ ਹਨ ਮੋਬਾਈਲ ਹੈਕ…
APK ਫ਼ਾਈਲ ਭੇਜ ਕੇ: ਵਾਟਸਐਪ ਜਾਂ ਕਿਸੇ ਹੋਰ ਮੈਸੇਂਜਰ ਐਪ ਰਾਹੀਂ ਭੇਜੀ ਗਈ APK ਫ਼ਾਈਲ ਜੇਕਰ ਇੰਸਟਾਲ ਕਰ ਲਈ ਜਾਵੇ, ਤਾਂ ਹੈਕਰਾਂ ਨੂੰ ਮੋਬਾਈਲ ‘ਤੇ ਪੂਰਾ ਕੰਟਰੋਲ ਮਿਲ ਸਕਦਾ ਹੈ।
ਫ਼ਰਜ਼ੀ ਲਿੰਕ: ਲਿੰਕ ‘ਤੇ ਕਲਿੱਕ ਕਰਦੇ ਹੀ ਨਕਲੀ ਵੈੱਬਸਾਈਟ ਖੁੱਲ੍ਹ ਜਾਂਦੀ ਹੈ, ਜਿੱਥੇ ਤੁਹਾਡੀ ID, ਪਾਸਵਰਡ ਜਾਂ ਬੈਂਕ ਨਾਲ ਸੰਬੰਧਿਤ ਜਾਣਕਾਰੀ ਚੋਰੀ ਹੋ ਸਕਦੀ ਹੈ।
ਸਪਾਈਵੇਅਰ ਅਤੇ ਮਾਲਵੇਅਰ: ਇੱਕ ਵਾਰ ਇਹ ਐਪਸ ਫੋਨ ਵਿੱਚ ਇੰਸਟਾਲ ਹੋ ਜਾਣ, ਤਾਂ ਇਹ ਕਾਲਾਂ, ਮੈਸੇਜ, ਫੋਟੋਆਂ ਅਤੇ OTP ਤੱਕ ਵੀ ਪਹੁੰਚ ਹਾਸਲ ਕਰ ਲੈਂਦੀਆਂ ਹਨ।