Gurdaspur News: ਪੰਜਾਬ ਦੇ ਸ਼ਹਿਰ ਗੁਰਦਾਸਪੁਰ ਤੋਂ ਦੇਰ ਰਾਤ ਬਾਹਰ ਨਿਕਲਣ ਵਾਲਿਆਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਦੇਰ ਰਾਤ ਤੱਕ ਬੇਵਜ੍ਹਾ ਘੁੰਮਣ ਵਾਲਿਆਂ ਨੂੰ ਪੁਲਿਸ ਦੀ ਪੁੱਛਗਿੱਛ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਹੁਣ ਧਾਰੀਵਾਲ ਪੁਲਿਸ ਨੇ ਸ਼ਰਾਰਤੀ ਅਨਸਰਾਂ ਅਤੇ ਗੁੰਡਿਆਂ 'ਤੇ ਨਜ਼ਰ ਰੱਖਣ ਲਈ ਦੇਰ ਰਾਤ ਤੱਕ ਲਗਾਤਾਰ ਨਾਕੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
ਕ੍ਰਿਸਮਿਸ ਅਤੇ ਨਵੇਂ ਸਾਲ ਦੀ ਆਮਦ ਦੇ ਚੱਲਦਿਆਂ ਧਾਰੀਵਾਲ ਪੁਲਿਸ ਨੇ ਬੀਤੀ ਰਾਤ ਕਰੀਬ 10 ਵਜੇ ਵਿਸ਼ੇਸ਼ ਨਾਕਾਬੰਦੀ ਅਤੇ ਚੈਕਿੰਗ ਮੁਹਿੰਮ ਚਲਾਈ। ਐਸ.ਐਚ.ਓ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਐਸ.ਐਸ.ਪੀ ਸਾਹਬ ਦੀਆਂ ਹਦਾਇਤਾਂ 'ਤੇ ਉਨ੍ਹਾਂ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਰਾਤ ਸਮੇਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ।
ਥਾਣਾ ਧਾਰੀਵਾਲ ਦੀ ਸੀਮਾ ਵਿੱਚ ਈਸਾਈ ਭਾਈਚਾਰੇ ਦੀ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਇਸਾਈ ਭਾਈਚਾਰੇ ਵੱਲੋਂ ਸ਼ਹਿਰ ਦੇ ਵੱਖ-ਵੱਖ ਪਿੰਡਾਂ ਅਤੇ ਵੱਖ-ਵੱਖ ਇਲਾਕਿਆਂ 'ਚ ਕ੍ਰਿਸਮਿਸ ਮੌਕੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰੇ ਵੱਲੋਂ 20 ਤਰੀਕ ਨੂੰ ਧਾਰੀਵਾਲ ਸ਼ਹਿਰ ਵਿੱਚ ਵਿਸ਼ਾਲ ਜਲੂਸ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਥਾਣਾ ਇੰਚਾਰਜ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਰਦੀ ਦੇ ਮੌਸਮ 'ਚ ਧੁੰਦ ਹੁੰਦੀ ਹੈ, ਇਸ ਲਈ ਲੋਕ ਬਿਨਾਂ ਕੰਮ ਤੋਂ ਇਧਰ-ਉਧਰ ਨਾ ਘੁੰਮਣ ਅਤੇ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ।