ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ (CM Bhagwant Maan) ਨੇ ਕਿਹਾ ਹੈ ਕਿ ਉਦਯੋਗਪਤੀਆਂ ਲਈ ਜਲਦ ਹੀ ਨਵੀਂ ਉਦਯੋਗ ਨੀਤੀ ਲਿਆ ਰਹੇ ਹਨ। ਇਸ ਨਾਲ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਪੰਜਾਬ ਅੰਦਰ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਕਿਹਾ ਇੰਡਸਟਰੀ ਲਈ ਨਵੀਂ ਨੀਤੀ ਬਣਾ ਰਹੇ ਹਾਂ, ਆਉਣ ਵਾਲੇ ਦਿਨਾਂ 'ਚ ਐਲਾਨ ਕਰਾਂਗੇ, ਇੰਡਸਟਰੀ ਨੂੰ ਦਰਪੇਸ਼ ਸਮੱਸਿਆਵਾਂ ਦਾ ਪੂਰਾ ਹੱਲ ਕੀਤਾ ਜਾਵੇਗਾ, ਸੁਖਾਵਾਂ ਮਾਹੌਲ ਦੇਵਾਂਗੇ।
ਲੁਧਿਆਣਾ ਦੀਆਂ ਵੱਖ-ਵੱਖ ਸਨਅਤੀ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਸਨਅਤੀ ਆਗੂਆਂ ਨੇ ਮੁੱਖ ਮੰਤਰੀ ਨੂੰ ਵੱਖ-ਵੱਖ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ। ਸਨਅਤੀ ਆਗੂਆਂ ਨੇ ਮੁੱਖ ਮੰਤਰੀ ਨੂੰ ਉਦਯੋਗਿਕ ਮਸਲਿਆਂ ਸਬੰਧੀ ਲਿਖਤੀ ਮੰਗ ਪੱਤਰ ਸੌਂਪ ਕੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਦਾ ਪ੍ਰਬੰਧ ਵਿਕਰਮਜੀਤ ਸਿੰਘ ਸਾਹਨੀ ਮੈਂਬਰ ਰਾਜ ਸਭਾ ਵਲੋਂ ਕੀਤਾ ਗਿਆ। ਮੀਟਿੰਗ 'ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਮੁੱਖ ਮੰਤਰੀ ਦੇ ਵਧੀਕ ਸਕੱਤਰ ਵੇਣੂੰ ਪ੍ਰਸ਼ਾਦ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਤੇ ਜਨਰਲ ਸਕੱਤਰ ਪੰਕਜ ਸ਼ਰਮਾ, ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੇ ਪ੍ਰਧਾਨ ਡੀਐਸ ਚਾਵਲਾ, ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਚੇਅਰਮੈਨ ਕੇਕੇ ਸੇਠ ਚੇਅਰਮੈਨ ਤੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਆਈਟੀਆਈ ਲੁਧਿਆਣਾ ਦੇ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ, ਸੀਆਈਆਈ ਦੇ ਸਾਬਕਾ ਖੇਤਰੀ ਚੇਅਰਮੈਨ ਰਾਹੁਲ ਅਹੂਜਾ, ਵਿਪਨ ਮਿੱਤਲ, ਰਾਜੀਵ ਜੈਨ, ਅਸ਼ਪ੍ਰੀਤ ਸਿੰਘ ਸਾਹਨੀ, ਤੇਜਵਿੰਦਰ ਸਿੰਘ ਬਿੱਗ ਬੇਨ, ਰਾਮ ਲੁਭਾਇਆ, ਸਤਨਾਮ ਸਿੰਘ ਮੱਕੜ, ਅਜੀਤ ਲਾਕੜਾ, ਗਗਨਿਸ਼ ਖੁਰਾਣਾ, ਗੁਰਮੁਖ ਸਿੰਘ ਰੁਪਾਲ,ਗੁਰਵਿੰਦਰ ਸਿੰਘ ਸਚਦੇਵਾ, ਰਘਬੀਰ ਸਿੰਘ ਸੋਹਲ, ਹਨੀ ਸੇਠੀ, ਗੌਤਮ ਮਲਹੋਤਰਾ ਨੇ ਫੋਕਲ ਪੁਆਇੰਟ ਦੇ ਮਾੜੇ ਬੁਨਿਆਦੀ ਢਾਂਚੇ, ਮਾੜੀ ਬਿਜਲੀ ਸਪਲਾਈ, ਫ਼ੇਜ਼ 8 ਫੋਕਲ ਪੁਆਇੰਟ ਲੁਧਿਆਣਾ ਦੇ ਪੀ.ਐਸ.ਆਈ.ਈ.ਸੀ. ਇਨਹਾਂਸਮੈਂਟ ਕੇਸਾਂ, ਸਾਈਕਲ ਉਦਯੋਗ ਲਈ ਟੈਕਨਾਲੋਜੀ ਅਪਗ੍ਰੇਡੇਸ਼ਨ ਫ਼ੰਡ ਸਕੀਮ, ਧਨਾਨਸੂ ਸਾਈਕਲ ਰੈਲੀ ਵਿਚ ਛੋਟੇ ਸਨਅਤਕਾਰਾਂ ਨੂੰ ਪਲਾਟ ਦੇਣ, 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ, ਮਿਕਸ ਲੈਂਡ ਯੂਜ਼ ਇਲਾਕੇ ਦੇ ਸਨਅਤਕਾਰਾਂ ਨੂੰ ਰਾਹਤ ਦੇਣ, ਸਨਅਤਕਾਰਾਂ ਦੀ ਭਲਾਈ ਲਈ ਵੱਖ-ਵੱਖ ਵਿਭਾਗਾਂ ਦੀ ਓ.ਟੀ.ਐਸ. ਸਕੀਮ ਲੈ ਕੇ ਆਉਣ ਸਮੇਤ ਵੱਖ-ਵੱਖ ਮੁਸ਼ਕਲਾਂ ਦੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਛੇਤੀ ਹੀ ਢੁਕਵਾਂ ਹੱਲ ਕੱਢਣ ਦਾ ਭਰੋਸਾ ਦਵਾਇਆ।