ਚੰਡੀਗੜ੍ਹ: ਕਿਸਾਨਾਂ ਅਤੇ ਕੇਂਦਰ ਸਰਕਾਰ ਵਿੱਚਕਾਰ ਹੋਈ 11ਵੇਂ ਗੇੜ ਦੀ ਮੀਟਿੰਗ ਅਸਫਲ ਰਹਿਣ ਉੱਤੇ ਆਮ ਆਦਮੀ ਪਾਰਟੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਨਿਕੰਮੀ ਤੇ ਅਸਫਲ ਸਿੱਧ ਹੋ ਰਹੀ ਹੈ। ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਮਸਲਾ ਹੱਲ ਕਰਨ ਦੀ ਬਜਾਏ ਇਸ ਮਾਮਲੇ ਨੂੰ ਭੜਕਾਉਣ ਦਾ ਕੰਮ ਕਰ ਰਹੀ ਹੈ।


ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸਰਕਾਰ ਨੇ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਕਿਸਾਨ ਆਗੂਆਂ ਦੀ ਬੇਇੱਜਤੀ ਕਰਨਾ ਅਤੇ ਦਿੱਲੀ ਪੁਲਿਸ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਗੱਡੀ 'ਤੇ ਹਮਲਾ ਕਰਵਾਕੇ ਸ਼ੀਸੇ ਭੰਨਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਦੇਸ਼ ਵਾਸੀਆਂ ਨੂੰ ਉਮੀਦ ਸੀ ਕਿ ਸਰਕਾਰ ਕਿਸਾਨਾਂ ਦੀ ਸਿੱਧੀ-ਸਾਦੀ ਮੰਗ ਨੂੰ ਮੰਨਦੇ ਹੋਏ ਤੁਰੰਤ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਮੰਨੇਗੀ। ਪ੍ਰੰਤੂ ਬਹੁਤ ਦੁਖਦਾਈ ਹੈ ਕਿ ਮੋਦੀ ਸਰਕਾਰ ਦੇ ਮੰਤਰੀਆਂ ਨੇ ਉਲਟਾਂ ਗੁੰਡਿਆਂ ਦੀ ਤਰ੍ਹਾਂ ਕਿਸਾਨ ਆਗੂਆਂ ਨੂੰ ਹੀ ਡਰਾਉਣਾ ਸ਼ੁਰੂ ਕਰ ਦਿੱਤਾ ਹੈ।


ਉਨ੍ਹਾਂ ਕਿਹਾ ਕਿ ਭਾਜਪਾ ਦੇ ਗੁੰਡਿਆਂ ਵੱਲੋਂ ਕਿਸਾਨ ਆਗੂਆਂ ਡਾਕਟਰ ਦਰਸ਼ਨ ਪਾਲ ਅਤੇ ਰਾਕੇਸ਼ ਟਿਕੈਤ ਨੂੰ ਲਗਾਤਾਰ ਦਿੱਤੀਆਂ ਜਾ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਪਰਿਵਾਰਾਂ ਖਿਲਾਫ ਵਰਤੀ ਜਾ ਰਹੀ ਭੱਦੀ ਸ਼ਬਦਵਲੀ ਨੇ ਭਾਰਤੀ ਜਨਤਾ ਪਾਰਟੀ ਦਾ ਅਸਲ ਚੇਹਰਾ ਸਾਹਮਣੇ ਲਿਆ ਦਿੱਤਾ ਹੈ।


ਉਨ੍ਹਾਂ ਕਿਹਾ ਕਿ ਲੋਕਤੰਤਰਿਕ ਦੇਸ਼ 'ਚ ਹਰੇਕ ਨਾਗਰਿਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ, ਪ੍ਰੰਤੂ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਇਹ ਕਹਿਣਾ ਕਿ ਉਨ੍ਹਾਂ ਮੀਡੀਆ ਵਿੱਚ ਆਪਣੀ ਗੱਲ ਕਿਉਂ ਕੀਤੀ, ਇਹ ਕਿਸੇ ਐਂਮਰਜੈਂਸੀ ਤੋਂ ਘੱਟ ਨਹੀਂ ਹੈ, ਜਿਸ ਦੌਰਾਨ ਮੁੱਢਲੇ ਅਧਿਕਾਰਾਂ ਨੂੰ ਕੁਚਲਿਆ ਜਾਂਦਾ ਹੈ।


ਭਗਵੰਤ ਮਾਨ ਨੇ ਕਿਹਾ ਕਿ ਇਕ ਲੋਕਤੰਤਰ ਢੰਗ ਨਾਲ ਚੁਣੀ ਗਈ ਕੇਂਦਰ ਸਰਕਾਰ ਅੱਜ ਦੇਸ਼ ਵਿੱਚ ਇਕ ਤਾਨਾਸ਼ਾਹ ਦੀ ਤਰ੍ਹਾਂ ਰਾਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਦੇਸ਼ ਦੇ ਅੰਨਦਾਤਾ ਦੀ ਮੰਗ ਨੂੰ ਮੰਨਦੀ ਹੋਈ ਤੁਰੰਤ ਕਾਲੇ ਕਾਨੂੰਨ ਰੱਦ ਕਰਦੀ, ਪ੍ਰੰਤੂ ਸਰਕਾਰ ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਡਰਾਉਣ, ਧਮਕਾਉਣ ਜਾਂ ਭਟਕਾਉਣ ਵਾਲੀਆਂ ਘਟੀਆਂ ਚਾਲਾਂ ਬੰਦ ਕਰਕੇ ਤੁਰੰਤ ਮੌਤ ਦੇ ਵਾਰੰਟ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ