ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਇਸ ਬਾਰੇ ਭੇਤ ਅਜੇ ਵੀ ਬਰਕਰਾਰ ਹੈ। ਉਂਝ ਹੁਣ ਤੱਕ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਭਗਵੰਤ ਮਾਨ ਇਸ ਦੌੜ ਤੋਂ ਬਾਹਰ ਹਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਬਹੁਤ ਵਧੀਆ ਸੀਐਮ ਦਾ ਚਿਹਰਾ ਦੇਣਗੇ।


ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੋ ਦਿਨਾਂ ਦੇ ਦੌਰੇ ਉੱਪਰ ਆਏ ਸੀ। ਸਭ ਨੂੰ ਉਮੀਦ ਸੀ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ ਪਰ ਵੀਰਵਾਰ ਨੂੰ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਉਹ ਫਿਰ ਟਾਲ ਗਏ।


ਇਸ ਦੌਰਾਨ ਕੇਜਰੀਵਾਲ ਨੇ ਸੰਕੇਤ ਦੇ ਦਿੱਤਾ ਕਿ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਗੇ। ਉਨ੍ਹਾਂ ਕਿਹਾ,‘‘ਭਗਵੰਤ ਮਾਨ ਮੇਰੇ ਛੋਟੇ ਭਰਾ ਵਰਗੇ ਹਨ। ਉਨ੍ਹਾਂ ਪਾਰਟੀ ਲਈ ਬਹੁਤ ਕੁਝ ਕੀਤਾ ਹੈ, ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ।’’


ਦੱਸ ਦਈਏ ਕਿ ਸੰਸਦ ਮੈਂਬਰ ਭਗਵੰਤ ਮਾਨ ਕਾਫ਼ੀ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਬੇਤਾਬ ਹਨ। ਉਨ੍ਹਾਂ ਨੇ ਆਪਣੇ ਵਰਕਰਾਂ ਰਾਹੀਂ ਇਸ ਲਈ ਮੁਹਿੰਮ ਵੀ ਚਲਾਈ ਸੀ। ਉਨ੍ਹਾਂ ਨੇ ਹਾਈਕਮਾਨ ਨਾਲ ਨਰਾਜ਼ਗੀ ਵੀ ਜਤਾਈ ਸੀ। ਇਸ ਲਈ ਉਹ ਕਾਫੀ ਸਮਾਂ ਪਾਰਟੀ ਗਤੀਵਿਧੀਆਂ ਤੋਂ ਦੂਰ ਵੀ ਰਹੇ।


ਮੰਨਿਆ ਜਾ ਰਿਹਾ ਹੈ ਕਿ ਹੁਣ ਭਗਵੰਤ ਮਾਨ ਨੂੰ ਵੀ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਦਾ ਨੰਬਰ ਨਹੀਂ ਲੱਗਣਾ। ਇਸ ਲਈ ਭਗਵੰਤ ਮਾਨ ਕੇਜਰੀਵਾਲ ਦੇ ਦੌਰੇ ਦੌਰਾਨ ਸਰਗਰਮ ਨਜ਼ਰ ਆਏ। ਸੂਤਰਾਂ ਮੁਤਾਬਕ ਪਾਰਟੀ ਕਿਸੇ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੁੰਦੀ ਹੈ ਜਿਸ ਦਾ ਪੰਜਾਬੀਆਂ ਦੇ ਦਿਲਾਂ ਵਿੱਚ ਚੰਗਾ ਸਤਿਕਾਰ ਹੋਵੇ ਤੇ ਉਹ ਹਰ ਵਰਗ ਨੂੰ ਮਨਜ਼ੂਰ ਹੋਏ।