ਭਗਵੰਤ ਮਾਨ ਦਾ ਅਪਰਾਧ ਰੋਕਣ ਲਈ ਨਵਾਂ 'ਜੁਗਾੜ'
ਏਬੀਪੀ ਸਾਂਝਾ | 10 Apr 2018 04:49 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਪ੍ਰਮੁੱਖ ਸ਼ਹਿਰਾਂ ਤੇ ਮਹੱਤਵਪੂਰਨ ਚੌਕ-ਚੌਰਾਹਿਆਂ ਉੱਪਰ ਐਮਪੀ ਕੋਟਾ ਫ਼ੰਡ 'ਚੋਂ ਹਾਈ ਸਕਿਉਰਿਟੀ ਕੌਰਡਲੈਸ ਸੀਸੀਟੀਵੀ ਕੈਮਰੇ ਲਵਾ ਕੇ ਪੰਜਾਬ ਪੁਲਿਸ ਦਾ ਸਹਿਯੋਗ ਕਰਨ। ਭਗਵੰਤ ਮਾਨ ਨੇ ਕਿਹਾ ਕਿ ਅਪਰਾਧ ਤੇ ਅਪਰਾਧੀਆਂ ਨਾਲ ਨਜਿੱਠਣ ਲਈ ਅੱਜ ਦੁਨੀਆ ਭਰ 'ਚ ਸੀਸੀਟੀਵੀ ਕੈਮਰਿਆਂ ਦਾ ਸਫਲਤਾਪੂਰਵਕ ਸਹਾਰਾ ਲਿਆ ਜਾਂਦਾ ਹੈ। ਇਸ ਲਈ ਪੰਜਾਬ ਦੇ ਸਾਰੇ ਸੰਸਦ ਮੈਂਬਰ ਸਿਆਸੀ ਸਫਬੰਦੀਆਂ ਤੋਂ ਉੱਤੇ ਉੱਠ ਕੇ ਆਪਣੇ-ਆਪਣੇ ਹਲਕਿਆਂ ਅੰਦਰ ਸਾਰੇ ਪ੍ਰਮੁੱਖ ਰਸਤਿਆਂ ਤੇ ਚੌਕ ਚੌਰਾਹਿਆਂ 'ਤੇ ਉਸੇ ਤਰ੍ਹਾਂ ਹਾਈ ਸਕਿਉਰਿਟੀ ਕੌਰਡਲੈਸ ਸੀਸੀਟੀਵੀ ਕੈਮਰੇ ਲਾਉਣ ਲਈ ਐਮਪੀ ਕੋਟਾ ਫ਼ੰਡ ਦੀ ਸੁਚੱਜੀ ਵਰਤੋਂ ਕਰਨ। ਭਗਵੰਤ ਮਾਨ ਨੇ ਸੂਬੇ ਦੀ ਬਦਹਾਲ ਅਮਨ ਕਾਨੂੰਨ ਸਥਿਤੀ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਪੁਲਿਸ ਨੂੰ ਕਾਨੂੰਨ ਮੁਤਾਬਕ ਕੰਮ ਕਰਨ ਦੀ ਖੁੱਲ੍ਹ ਨਹੀਂ ਮਿਲਦੀ ਤੇ ਪੁਲਿਸ ਪ੍ਰਸ਼ਾਸਨ ਦੇ ਕੰਮਾਂ 'ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਬੰਦ ਨਹੀਂ ਹੁੰਦੀ, ਉਦੋਂ ਤੱਕ ਅਮਨ ਕਾਨੂੰਨ ਦੀ ਸਥਿਤੀ ਚੌਣਤੀਆਂ 'ਚ ਘਿਰੀ ਰਹੇਗੀ। ਅਫ਼ਸੋਸ ਦੀ ਗੱਲ ਇਹ ਹੈ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਅਖੌਤੀ ਜਥੇਦਾਰ ਥਾਣੇ ਚਲਾਉਂਦੇ ਸਨ, ਹੁਣ ਸੱਤਾਧਾਰੀ ਕਾਂਗਰਸ ਦੇ ਅਖੌਤੀ ਚੌਧਰੀ 'ਥਾਣੇਦਾਰ' ਬਣੇ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਬਦਹਾਲ ਸਥਿਤੀ 'ਚ ਘੱਟੋ-ਘੱਟ ਪੰਜਾਬ ਦੇ ਸੰਸਦ ਮੈਂਬਰ ਹੀ ਆਪਣੇ-ਆਪਣੇ ਹਲਕੇ ਦੇ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਤੇ ਸੀਸੀਟੀਵੀ ਕੈਮਰੇ ਲਵਾਉਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਜਾਬ ਪੁਲਿਸ ਖ਼ਾਸ ਕਰਕੇ ਸੰਗਰੂਰ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਸੰਗਰੂਰ ਲੋਕ ਸਭਾ ਹਲਕੇ ਦੇ ਧੂਰੀ ਤੇ ਸੁਨਾਮ ਸ਼ਹਿਰਾਂ 'ਚ 25 ਲੱਖ ਰੁਪਏ ਦੀ ਲਾਗਤ ਨਾਲ ਹਾਈ ਸਕਿਉਰਿਟੀ ਕੌਰਡਲੈਸ ਸੀਸੀਟੀਵੀ ਕੈਮਰੇ ਲਗਾਏ ਹਨ ਜਿਨ੍ਹਾਂ ਦੀ ਸਿੱਧੀ ਨਿਗਰਾਨੀ ਸਬੰਧਤ ਪੁਲਿਸ ਥਾਣੇ ਦੇ ਕੰਟਰੋਲ ਰੂਮ ਤੋਂ ਹੁੰਦੀ ਹੈ।