ਚੰਡੀਗੜ੍ਹ: ਅੱਜ 'ਆਪ' ਸਰਕਾਰ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਸੀ ਜਿਸ ਵਿੱਚ 117 ਵਿਧਾਇਕਾਂ ਨੇ ਸਹੁੰ ਚੁੱਕੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਧਾਇਕ ਵਜੋਂ ਹਲਫ਼ ਲਿਆ। ਮਾਨ ਨੇ ਸੋਸ਼ਲ ਮੀਡੀਆ 'ਤੇ ਸਹੁੰ ਚੁੱਕਣ ਦਾ ਵੀਡੀਓ ਸਾਂਝਾ ਕੀਤਾ।
ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਭਗਵੰਤ ਮਾਨ ਨੇ ਲਿਖਿਆ, "ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਇੱਕ ਨਵਾਂ ਬਦਲਾਅ ਲਿਆਵੇਗੀ, ਜਿਸ ਲਈ ਲੋਕਾਂ ਨੇ ਸਾਨੂੰ ਚੁਣਿਆ ਹੈ। ਸਾਡੀ ਸਰਕਾਰ ਪੰਜਾਬ ਦੀ ਸਭ ਤੋਂ ਇਮਾਨਦਾਰ ਸਰਕਾਰ ਵੱਜੋਂ ਜਾਣੀ ਜਾਵੇਗੀ।"
ਆਪ ਦੀ ਸਰਕਾਰ ਨੇ ਪੰਜਾਬ ਵਿੱਚ 92 ਸੀਟਾਂ ਜਿੱਤ ਕੇ ਸਰਕਾਰ ਬਣਾਈ ਹੈ। ਭਗਵੰਤ ਮਾਨ ਨੇ ਕੱਲ੍ਹ ਖਟਕੜ ਕਲਾਂ ਵਿੱਚ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਵੱਡਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਪੰਜਾਬ ਦੇ ਹਿੱਤ 'ਚ ਅੱਜ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਹੋਵੇਗਾ। ਕੁਝ ਹੀ ਦੇਰ ਤਕ ਐਲਾਨ ਕਰਾਂਗਾ..
ਦੱਸ ਦਈਏ ਕਿ ਪੰਜਾਬ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣੀ ਹੈ। ਭਗਵੰਤ ਮਾਨ ਸਿੰਘ ਨੇ ਕੱਲ੍ਹ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ।
ਚੋਣਾਂ ਦੌਰਾਨ ਕੀਤੇ ਵਾਅਦੇ
18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ ਬੈਂਕ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਜਮ੍ਹਾ ਕੀਤੇ ਜਾਣਗੇ।
ਦਿੱਲੀ ਵਾਂਗ ਪੰਜਾਬ ਵਿੱਚ ਵੀ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ।
ਸੂਬੇ 'ਚ 16 ਹਜ਼ਾਰ ਮੁਹੱਲਾ ਕਲੀਨਕ ਖੋਲ੍ਹੇ ਜਾਣਗੇ, ਪੰਜਾਬ ਦੇ ਲੋਕਾਂ ਦਾ ਮੁਫ਼ਤ ਇਲਾਜ ਹੋਵੇਗਾ।
ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ।
ਪੰਜਾਬ ਵਿੱਚ ਵੀ ਦਿੱਲੀ ਮਾਡਲ ਦੀ ਤਰਜ਼ ’ਤੇ ਸਕੂਲਾਂ ਦਾ ਵਿਕਾਸ ਕੀਤਾ ਜਾਵੇਗਾ।
ਪੰਜਾਬ ਵਿੱਚ ਸ਼ਾਂਤੀ ਤੇ ਭਾਈਚਾਰਾ ਕਾਇਮ ਕਰੇਗਾ।
ਬੇਅਦਬੀ ਦੇ ਸਾਰੇ ਮਾਮਲਿਆਂ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ।
ਦਲਿਤ ਬੱਚਿਆਂ ਨੂੰ ਦਿੱਲੀ ਦੀ ਤਰਜ਼ 'ਤੇ ਵਜ਼ੀਫ਼ਾ ਤੇ ਚੰਗੀ ਸਿੱਖਿਆ ਦੀ ਸਹੂਲਤ ਦਿੱਤੀ ਜਾਵੇਗੀ।
ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਉਹ ਅੱਜ ਵੱਡਾ ਫੈਸਲਾ ਲੈਣ ਜਾ ਰਹੇ ਹਨ। ਉਨ੍ਹਾਂ ਟਵੀਟ ਕੀਤਾ, "ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਅੱਜ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫੈਸਲਾ ਨਹੀਂ ਲਿਆ ਹੋਵੇਗਾ। ਮੈਂ ਜਲਦੀ ਹੀ ਇਸ ਦਾ ਐਲਾਨ ਕਰਾਂਗਾ।"