ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਬਹਿਸ ਦੀ ਚੁਣੌਤੀ ਉੱਪਰ ਮਾਹੌਲ ਗਰਮਾ ਗਿਆ ਹੈ। ਹੁਣ ਇਸ ਮਾਮਲੇ ਵਿੱਚ ਐਂਟਰੀ ਮਾਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਸਿੱਧੂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।

ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਿੱਧੂ ਮੇਰੇ ਨਾਲ ਬਹਿਸ ਤੋਂ ਕਿਉਂ ਭੱਜ ਰਹੇ? ਸਿੱਧੂ ਪਾਜੀ, ਤੁਸੀਂ ਮੇਰੇ ਤੋਂ ਕਿਉਂ ਡਰਦੇ ਹੋ?ਉਨ੍ਹਾਂ ਅੱਗੇ ਲਿਖਿਆ ਹੈ ਕਿ CM ਚੰਨੀ ਦੇ ਹਲਕੇ 'ਚ ਰੇਤ ਦੀ ਨਾਜਾਇਜ਼ ਮਾਈਨਿੰਗ 'ਤੇ ਸਿੱਧੂ ਕਿਉਂ ਨਹੀਂ ਬੋਲ ਰਹੇ? ਉਹ ਕਿਹੜੀਆਂ ਮਜ਼ਬੂਰੀਆਂ ਹਨ ਜਿਨ੍ਹਾਂ ਕਾਰਨ ਸਿੱਧੂ ਚਮਕੌਰ ਸਾਹਿਬ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਇੱਕ ਸ਼ਬਦ ਵੀ ਨਹੀਂ ਬੋਲਿਆ? ਚੋਣਵਾਂ ਵਿਰੋਧ?

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ‘ਆਪ’ ਨੂੰ ਦਿੱਤੀ ਗਈ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਸਿੱਧੂ ਨੂੰ ਬਹਿਸ ਲਈ ਸਥਾਨ ਤੇ ਸਮਾਂ ਤੈਅ ਕਰਨ ਲਈ ਕਿਹਾ ਹੈ।





ਕੇਜਰੀਵਾਲ ਨੇ ਬਹਿਸ ਲਈ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਨਾਮ ਤੈਅ ਕੀਤਾ ਤੇ ਸਕਾਰਾਤਮਕ ਚਰਚਾ ਦੀ ਉਮੀਦ ਜਤਾਈ ਹੈ।

ਇਸ ਮਗਰੋਂ ਸਿੱਧੂ ਨੇ ਕੇਜਰੀਵਾਲ ਨੂੰ ਜਵਾਬ ਦਿੰਦਿਆ ਕਿਹਾ ਕਿ ਭਗਵੰਤ ਮੁੱਖ ਮੰਤਰੀ ਨਹੀਂ ਹੈ ਜੋ ਬਾਦਲਾਂ ਦੇ ਬਲੈਕਲਿਸਟਡ ਐਮਐਲਏ ਦੀਪ ਮਲਹੋਤਰਾ ਨਾਲ ਮਿਲ ਕੇ ਸ਼ਰਾਬ ਮਾਫੀਆ ਚਲਾ ਰਿਹਾ ਹੈ...ਉਹ ਉਨ੍ਹਾਂ ਵਿੱਚ ਇੱਕ ਨਹੀਂ ਜਿਸ ਨੇ ਦਿੱਲੀ ਵਿੱਚ ਕਾਲੇ ਖੇਤੀ ਕਾਨੂੰਨ ਨੂੰ ਨੋਟੀਫਾਈ ਕੀਤਾ!! ਬਾਦਲਾਂ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਦੇ ਮੁਨਾਫ਼ੇ ਵਾਲੇ ਰੂਟਾਂ 'ਤੇ ਕੌਣ ਇਜਾਜ਼ਤ ਦੇ ਰਿਹਾ ਹੈ। ਆਓ ਮੇਰੇ ਨਾਲ ਬਹਿਸ ਕਰੋ!!






ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਨਵਜੋਤ ਸਿੱਧੂ ਵੱਲੋਂ ਦਿੱਤੀ ਗਈ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹਨ ਤੇ ਉਮੀਦ ਕਰਦੇ ਹਨ ਕਿ ਚਰਚਾ ਸਕਾਰਾਤਮਕ ਤੇ ਵਿਕਾਸ ਦੇ ਮੁੱਦੇ ’ਤੇ ਹੋਵੇਗੀ। ਸਿੱਧੂ ਬਹਿਸ ਲਈ ਸਥਾਨ ਤੇ ਸਮਾਂ ਤੈਅ ਕਰਨ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਦੇ ਸੂਬਾ ਪ੍ਰਧਾਨ ਹਨ, ਇਸ ਲਈ ਉਨ੍ਹਾਂ ਦੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਵਿਕਾਸ ਦੇ ਮੁੱਦੇ ’ਤੇ ਉਨ੍ਹਾਂ ਨਾਲ ਬਹਿਸ ਕਰਨਗੇ।