Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗਾਰੰਟੀ ਪੂਰੀ ਕਰਨ ਦੇ ਸਫ਼ਰ ਨੂੰ ਜਾਰੀ ਰੱਖਦੇ ਹੋਏ ਆਪਣੀ ਸਰਕਾਰ ਦੇ ਮਹਿਜ਼ 18 ਮਹੀਨਿਆਂ ਦੇ ਕਾਰਜਕਾਲ ਵਿੱਚ 37100 ਸਰਕਾਰੀ ਨੌਕਰੀਆਂ ਦਿੱਤੀਆਂ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਪਰਵਾਸ ਦੇ ਰੁਝਾਨ ਦਾ ਪੁੱਠਾ ਗੇੜ ਸ਼ੁਰੂ ਹੋ ਗਿਆ ਹੈ ਕਿਉਂਕਿ ਜੋ ਨੌਜਵਾਨ ਰੋਜ਼ਗਾਰ ਲਈ ਵਿਦੇਸ਼ ਗਏ ਸਨ, ਉਹ ਹੁਣ ਸੂਬੇ ਵਿੱਚ ਸਰਕਾਰੀ ਨੌਕਰੀਆਂ ਲੈਣ ਲਈ ਵਾਪਸ ਆ ਰਹੇ ਹਨ।






ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਜਿਸ ਨਾਲ ਨੌਜਵਾਨ ਪੰਜਾਬ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਬਰਾਬਰ ਦੇ ਹਿੱਸੇਦਾਰ ਬਣ ਸਕਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇ ਕੇ ਉਨ੍ਹਾਂ ਦੇ ਵੱਧ ਅਧਿਕਾਰਾਂ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।


ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਵਾਸਤੇ ਅੱਠ ਹਾਈ-ਟੈਕ ਸੈਂਟਰ ਖੋਲ੍ਹ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਅਤੇ ਸੂਬੇ ਅਤੇ ਦੇਸ਼ ਵਿੱਚ ਵੱਕਾਰੀ ਅਹੁਦਿਆਂ ‘ਤੇ ਸੇਵਾ ਨਿਭਾਉਣ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਉੱਚ ਅਹੁਦਿਆਂ ਦੇ ਕਾਬਲ ਬਣਾ ਕੇ ਦੇਸ਼ ਦੀ ਸੇਵਾ ਨੂੰ ਯਕੀਨੀ ਬਣਾਉਣਾ ਹੈ।


ਸੂਬੇ ਦੇ ਵਿਕਾਸ ਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਅਤੇ ‘ਰੰਗਲਾ ਪੰਜਾਬ’ ਸਿਰਜਣ ਲਈ ਉਨ੍ਹਾਂ ਦਾ ਸਾਥ ਦੇਣ ਦਾ ਸੱਦਾ ਦਿੱਤਾ।