ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੀਆਈਪੀ ਕਲਚਰ ਨੂੰ ਲੈ ਕੇ ਆਰਟੀਆਈ ਰਾਹੀਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਨੂੰ ਲੈ ਕੇ ਉਨ੍ਹਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਤੋਂ VVIP ਸ਼ਖਸੀਅਤ ਦੇ ਰੰਗ 'ਚ ਆਉਣ ਲੱਗੇ ਹਨ ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ 33 ਗੱਡੀਆਂ ਦੇ ਕਾਫਲੇ 'ਤੇ ਸਵਾਲ ਚੁੱਕਣ ਵਾਲੇ ਭਗਵੰਤ ਮਾਨ ਨੇ ਆਪਣਾ ਕਾਫਲਾ ਉਨ੍ਹਾਂ ਤੋਂ ਵੀ ਵੱਡਾ ਕਰ ਲਿਆ ਹੈ।
ਬਾਜਵਾ ਨੇ ਦਾਅਵਾ ਕੀਤਾ ਕਿ ਹੁਣ ਭਗਵੰਤ ਮਾਨ ਦੇ ਕਾਫ਼ਲੇ ਵਿੱਚ ਗੱਡੀਆਂ ਦੀ ਗਿਣਤੀ 42 ਹੋ ਗਈ ਹੈ। ਇਸ 'ਤੇ ਵਿਰੋਧੀ ਪਾਰਟੀਆਂ ਨੇ ਵੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਆਰਟੀਆਈ ਰਾਹੀਂ ਇਹ ਖੁਲਾਸਾ ਹੋਇਆ ਹੈ ਕਿ ਸੀਐਮ ਮਾਨ ਖ਼ੁਦ ਨੂੰ ਆਮ ਆਦਮੀ" ਕਹਿੰਦੇ ਹਨ ਪਰ ਉਨ੍ਹਾਂ ਦੇ ਕਾਫ਼ਲੇ ਵਿੱਚ ਕਾਫ਼ਲੇ ਵਿੱਚ ਗੱਡੀਆਂ ਦੀ ਗਿਣਤੀ 42 ਹੈ।
ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਆਪਣੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ ਕਿ ਪਹਿਲਾਂ ਭਗਵੰਤ ਮਾਨ ਸਿਆਸਤਦਾਨਾਂ ਦਾ ਮਜ਼ਾਕ ਉਡਾ ਕੇ ਕਹਿੰਦੇ ਸਨ ਜੋ ਲੋਕ ਵਾਧੂ ਸੁਰੱਖਿਆ ਚਾਹੁੰਦੇ ਹਨ, ਉਹ ਮੁਰਗੀ ਖਾਨਾ ਖੋਲ੍ਹਣ ਜਿਹਾ ਕੰਮ ਕਿਉਂ ਨਹੀਂ ਕਰਦੇ। ਹੁਣ ਉਹੀ ਆਮ ਆਦਮੀ ਨੂੰ 42 ਕਾਰਾਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ।
ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦੇ ਦਾਅਵੇ ਕਰ ਰਹੇ ਸਨ ਪਰ ਹੁਣ ਸੱਤਾ 'ਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀਆਈਪੀ ਕਲਚਰ ਨੂੰ ਵਧਾਵਾ ਦੇ ਰਹੇ ਹਨ। ਇਸ ਤਹਿਤ ਪਹਿਲਾਂ ਉਨ੍ਹਾਂ ਕਿਹਾ ਸੀ ‘ਇਕ ਵਿਧਾਇਕ ਇਕ ਪੈਨਸ਼ਨ’ ਦਾ ਫੈਸਲਾ ਲਿਆ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਨੇ ਪਿਛਲੇ ਮਹੀਨਿਆਂ ਦੌਰਾਨ ਵੀਆਈਪੀ ਕਲਚਰ ਨੂੰ ਘਟਾਉਣ ਲਈ 424 ਲੋਕਾਂ ਦੀ ਸੁਰੱਖਿਆ ਵਾਪਸ ਲਈ ਸੀ। ਇਨ੍ਹਾਂ ਵਿਚ ਡੇਰਾ ਮੁਖੀਆਂ ਸਣੇ ਸਾਬਕਾ ਪੁਲਿਸ ਅਫ਼ਸਰ ਸ਼ਾਮਲ ਹਨ। ਸਾਬਕਾ ਵਿਧਾਇਕਾਂ ਤੇ ਰਸੂਖਦਾਰਾਂ ਤੋਂ ਵੀ ਸੁਰੱਖਿਆ ਵਾਪਸ ਲਈ ਗਈ ਸੀ।