ਮਾਨਸ਼ਾਹੀਆ ਨੇ ਲਾਇਆ ਭਗਵੰਤ ਮਾਨ ਨਾਲ ਕਾਨੂੰਨੀ ਆਢਾ
ਏਬੀਪੀ ਸਾਂਝਾ | 16 May 2019 12:34 PM (IST)
ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਪਤਾ ਲੱਗਾ ਹੈ ਕਿ ਭਗਵੰਤ ਮਾਨ ਨੇ ਨੋਟਿਸ ਲੈਣ ਤੋਂ ਟਾਲਾ ਵੱਟ ਲਿਆ ਹੈ। ਰਜਿਸਟਰਡ ਪੋਸਟ ਰਾਹੀਂ ਭੇਜਿਆ ਗਿਆ ਇਹ ਨੋਟਿਸ ਵਾਪਸ ਆ ਗਿਆ ਹੈ।
ਚੰਡੀਗੜ੍ਹ: ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਪਤਾ ਲੱਗਾ ਹੈ ਕਿ ਭਗਵੰਤ ਮਾਨ ਨੇ ਨੋਟਿਸ ਲੈਣ ਤੋਂ ਟਾਲਾ ਵੱਟ ਲਿਆ ਹੈ। ਰਜਿਸਟਰਡ ਪੋਸਟ ਰਾਹੀਂ ਭੇਜਿਆ ਗਿਆ ਇਹ ਨੋਟਿਸ ਵਾਪਸ ਆ ਗਿਆ ਹੈ। ਮਾਨਸ਼ਾਹੀਆ ਨੇ ਇਹ ਨੋਟਿਸ ਮਾਨਸਾ ਦੇ ਐਡਵੋਕੇਟ ਗੁਰਦੀਪ ਸਿੰਘ ਮਾਨਸ਼ਾਹੀਆ ਰਾਹੀਂ ਭੇਜਿਆ ਸੀ ਪਰ ਭਗਵੰਤ ਮਾਨ ਦੇ ਦਫ਼ਤਰ ਵਿੱਚ ਕਿਸੇ ਨੇ ਇਸ ਨੂੰ ਰਿਸੀਵ ਨਹੀਂ ਕੀਤਾ। ਹੁਣ ਇਸ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮਾਨਸ਼ਾਹੀਆ ਦੇ ‘ਆਪ’ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਸਮੇਂ ਭਗਵੰਤ ਮਾਨ ਨੇ ਉਨ੍ਹਾਂ ਉੱਪਰ ਪੈਸਿਆਂ ਦੇ ਲੈਣ-ਦੇਣ ਤੋਂ ਬਾਅਦ ਕਾਂਗਰਸ ਵਿੱਚ ਸ਼ਮੂਲੀਅਤ ਕਰਨ ਦੇ ਦੋਸ਼ ਲਾਏ ਸਨ। ਮਾਨਸ਼ਾਹੀਆ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਜੇ ਉਨ੍ਹਾਂ ਵੱਲੋਂ ਲਾਏ ਦੋਸ਼ਾਂ ਵਿੱਚ ਰੱਤੀ ਭਰ ਵੀ ਸੱਚਾਈ ਹੈ ਤਾਂ ਉਹ ਕਾਨੂੰਨੀ ਨੋਟਿਸ ਲੈਣ ਤੋਂ ਕੰਨੀ ਕਿਉਂ ਕਤਰਾ ਰਹੇ ਹਨ। ਮਾਨਸ਼ਾਹੀਆ ਨੇ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨੋਟਿਸ ਪ੍ਰਾਪਤ ਨਾ ਕਰਕੇ ਇਹ ਨਾ ਸਮਝੇ ਕਿ ਮਾਮਲਾ ਠੰਢੇ ਬਸਤੇ ਵਿੱਚ ਪੈ ਜਾਵੇਗਾ। ਜੇ ਮਾਨ ਕੋਲ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਹੈ ਤਾਂ ਫੌਰਨ ਪੇਸ਼ ਕਰਨ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਮਾਨਸ਼ਾਹੀਆ ਨੇ ਕਿਹਾ ਕਿ ਵਾਪਸ ਆਏ ਪੱਤਰ ਦੇ ਆਧਾਰ ‘ਤੇ ਉਹ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਕਰਨ ਲਈ ਕੇਸ ਫਾਈਲ ਕਰਨਗੇ।