ਸੰਗਰੂਰ: ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਜੱਸੀ ਜਸਰਾਜ ਵੱਲੋਂ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਫੰਡਾਂ ਦੇ ਵੇਰਵੇ ਦੇਣ ਦੀ ਮੰਗ 'ਤੇ ਭਗਵੰਤ ਮਾਨ ਨੇ ਸਫਾਈ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਪਿਛਲੀਆਂ ਚੋਣਾਂ ਵਿੱਚ ਪਾਰਟੀ ਨੂੰ ਮਿਲੇ ਫੰਡਾਂ ਦੇ ਪੂਰੇ ਵੇਰਵੇ ਦਰਜ ਹਨ।


ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਤੋਂ ਲਏ ਹਰ ਪੈਸੇ ਨੂੰ ਉਨ੍ਹਾਂ ਦੇ ਪਾਸਪੋਰਟ ਦੇ ਵੇਰਵਿਆਂ ਸਮੇਤ ਸਾਡੀ ਵੈੱਬਸਾਈਟ 'ਤੇ ਦਰਸਾਇਆ ਗਿਆ ਹੈ। ਮਾਨ ਨੇ ਜੱਸੀ ਜਸਰਾਜ ਦੇ ਦੋਸ਼ਾਂ ਨੂੰ ਆਧਾਰਹੀਣ ਦੱਸਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਪੈਸਾ ਭਗਵੰਤ ਮਾਨ ਨੂੰ ਨਹੀਂ ਬਲਕਿ ਪਾਰਟੀ ਨੂੰ ਦਿੱਤਾ ਸੀ।

ਮਾਨ ਨੇ ਲੋਕਾਂ ਨੂੰ ਫੰਡ ਦੇਣ ਸਬੰਧੀ ਕੀਤੀ ਅਪੀਲ ਨੂੰ ਵੀ ਕਾਰਗਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਲਈ ਇੱਕ-ਇੱਕ ਪੈਸਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਲੋਕ ਥੋੜ੍ਹੀ ਰਕਮ ਵਿੱਚ ਪੈਸੇ ਦੇ ਰਹੇ ਹਨ ਪਰ ਜਿਸ ਭਾਵਨਾ ਨਾਲ ਉਹ ਦਾਨ ਕਰ ਰਹੇ ਹਨ, ਉਹ ਬੇਸ਼ਕੀਮਤੀ ਹੈ।

ਭਗਵੰਤ ਮਾਨ ਨੇ ਚੋਣ ਕਮਿਸ਼ਨ ਵੱਲੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਹੋਈ ਫਾਇਰਿੰਗ ਦੀ ਚੱਲ ਰਹੀ ਜਾਂਚ 'ਚ ਖੜੋਤ ਆ ਜਾਵੇਗੀ।