Bhagwant Mann on kangana Slap: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਏ। ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਹਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਮੀਡੀਆ ਦੇ ਮੁਖਾਬਤ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਗਨਾ ਵਿਵਾਦ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੋ ਹੋਇਆ ਇਹ ਹੋਣਾ ਨਹੀਂ ਚਾਹੀਦਾ ਸੀ ਪਰ ਉਸ ਨੇ ਜੋ ਕਿਸਾਨਾਂ ਖ਼ਿਲਾਫ਼ ਬੋਲਿਆ ਸੀ ਉਹ ਇਸ ਦਾ ਗੁੱਸਾ ਸੀ ਪਰ ਇਹ ਨਹੀਂ ਹੋਣਾ ਚਾਹੀਦਾ ਸੀ। ਮਾਨ ਨੇ ਕਿਹਾ ਕਿ ਪਰ ਕੰਗਨਾ ਵੱਲੋਂ ਜੋ ਪੰਜਾਬ ਵਿੱਚ ਅੱਤਵਾਦ ਦੀ ਗੱਲ ਕਹੀ ਗਈ ਹੈ, ਇਹ ਕਹਿਣਾ ਕਿ ਪੂਰੇ ਪੰਜਾਬ ਵਿੱਚ ਅੱਤਵਾਦ ਫੈਲ ਗਿਆ ਹੈ, ਉਹ ਵੀ ਗ਼ਲਤ ਹੈ। 






ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਦੇਸ਼ ਲੈ ਕੇ ਦਿੱਤਾ ਹੈ। ਪੰਜਾਬ ਪੂਰੇ ਦੇਸ਼ ਦਾ ਢਿੱਡ ਪਾਲਦਾ ਹੈ, ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ ਤੇ ਅੱਜ ਵੀ ਸਰਹੱਦਾਂ ਉੱਤੇ ਸਭ ਤੋਂ ਵੱਧ ਕੁਰਬਾਨ ਪੰਜਾਬ ਦੇ ਜਵਾਨ ਹੀ ਹੋ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਇਨ੍ਹਾਂ ਦੇ ਖ਼ਿਲਾਫ਼ ਬੋਲਦਾ ਹੈ ਤਾਂ ਫਿਰ ਪ੍ਰਦਰਸ਼ਨ ਕਰਦਾ ਹੈ ਉਸ ਨੂੰ ਅੱਤਵਾਦੀ ਜਾ ਵੱਖਵਾਦੀ ਕਹਿ ਦਿੰਦੇ ਹਨ। ਪੰਜਾਬ ਦੇਸ਼ ਦਾ ਧੁਰਾ ਹੈ ਜੇ ਧੁਰਾ ਹੀ ਸਹੀ ਨਹੀਂ ਰਹੇਗਾ ਤਾਂ ਦੇਸ਼ ਕਿਵੇਂ ਸਹੀ ਰਹੇਗਾ।


ਜ਼ਿਕਰ ਕਰ ਦਈਏ ਕਿ  ਪੰਜਾਬ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਕਿਸੇ ਜਨਤਕ ਸਥਾਨ 'ਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਆਪਣੀ ਰਿਹਾਇਸ਼ 'ਤੇ ਲੋਕ ਸਭਾ ਹਲਕਾ ਪੱਧਰੀ ਆਗੂਆਂ ਨਾਲ ਮੀਟਿੰਗ ਕਰਕੇ ਲੋਕ ਸਭਾ ਚੋਣਾਂ 'ਚ ਆਪਣੀ ਹਾਰ ਬਾਰੇ ਵਿਚਾਰ ਕਰ ਰਹੇ ਸਨ। ਇਨ੍ਹਾਂ ਚੋਣ ਵਿੱਚ ਆਮ ਆਦਮੀ ਪਾਰਟੀ 13 ਵਿੱਚੋਂ ਸਿਰਫ਼ ਤਿੰਨ ਸੀਟਾਂ ਹੀ ਜਿੱਤ ਸਕੀ ਹੈ। ਇਸ ਦੇ ਨਾਲ ਹੀ ਪਾਰਟੀ ਦੇ ਚਾਰ ਮੰਤਰੀ ਅਤੇ ਤਿੰਨ ਵਿਧਾਇਕ ਇਸ ਲੋਕ ਸਭਾ ਚੋਣ ਵਿੱਚ ਹਾਰ ਗਏ ਹਨ।