Punjab Budget: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਮੌਜੂਦਾ ਬਜਟ 2 ਲੱਖ 36 ਹਜ਼ਾਰ 80 ਕਰੋੜ ਦਾ ਰਿਹਾ ਜੋ ਕਿ ਪਿਛਲੀ ਵਾਰ ਨਾਲੋਂ ਲਗਭਗ 15% ਵੱਧ ਹੈ। ਬਜਟ ਵਿੱਚ ਮਹਿਲਾਵਾਂ ਨੂੰ 1,100 ਦੇਣ ਦਾ ਐਲਾਨ ਨਹੀਂ ਕੀਤਾ ਗਿਆ ਜੋ ਕਿ ਆਮ ਆਦਮੀ ਪਾਰਟੀ ਦੀ ਵੱਡੀ ਗਾਰੰਟੀ ਸੀ ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਗਵੰਤ ਮਾਨ ਦੀ ਦਿੱਲੀ ਚੋਣਾਂ ਤੋਂ ਪਹਿਲਾਂ ਇੱਕ ਚੈਨਲ ਨਾਲ ਰਾਬਤਾ ਕਰਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਮੁੱਖ ਮੰਤਰੀ ਕਹਿ ਰਹੇ ਹਨ ਕਿ ਆਉਣ ਵਾਲੇ ਵਾਲੇ ਬਜਟ ਵਿੱਚ ਮਹਿਲਾਵਾਂ ਨੂੰ 1000 ਰੁਪਏ ਦਿੱਤੇ ਜਾਣਗੇ। ਇਸ ਨੂੰ ਲੈ ਕੇ ਹੁਣ ਰੰਧਾਵਾ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ।
ਰੰਧਾਵਾ ਨੇ ਵੀਡੀਓ ਉੱਤੇ ਲਿਖਿਆ, ਇਹ ਵੀਡਿਉ ਦਿੱਲੀ ਚੋਣਾਂ ਵੇਲੇ ਦੀ ਹੈ, ਕੁਝ ਮਹੀਨੇ ਪਹਿਲਾਂ ਹੀ ਮੀਡੀਆ ਦੇ ਕੈਮਰੇ ਰਾਹੀ ਭਗਵੰਤ ਮਾਨ ਸਾਬ੍ਹ ਨੇ ਪੰਜਾਬ ਦੀਆਂ ਮਾਵਾਂ-ਭੈਣਾਂ ਦੇ ਨਾਲ ਝੂਠ ਬੋਲਿਆ। ਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਰੇਆਮ ਨੈਸ਼ਨਲ ਮੀਡੀਆ 'ਤੇ ਬੋਲ ਕੇ ਆਪਣੀ ਗੱਲ ਤੋਂ ਪਲਟ ਜਾਣ ਦਾ ਤੋੜ ਪੂਰੇ ਪੰਜਾਬ ਵਿੱਚ ਨਹੀਂ ਹੈ। ਪੰਜਾਬ ਦੀਆਂ ਮਾਵਾਂ-ਭੈਣਾਂ ਦੇ ਨਾਲ ਬਾਰ-ਬਾਰ ਝੂਠ ਬੋਲਣ ਦਾ, ਉਨ੍ਹਾਂ ਨਾਲ ਫਰੇਬ ਕਰਨ ਦਾ, ਉਨ੍ਹਾਂ ਨੂੰ ਧੋਖੇ ਵਿੱਚ ਰੱਖਣ ਦਾ ਰਿਕਾਰਡ ਭਗਵੰਤ ਮਾਨ ਸਰਕਾਰ ਨੇ ਕਾਇਮ ਕਰ ਦਿੱਤਾ ਹੈ।
ਸੁਖਪਾਲ ਖਹਿਰਾ ਨੇ ਵੀ ਸਾਧਿਆ ਨਿਸ਼ਾਨਾ
ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਭਗਵੰਤ ਮਾਨ ਦੀ ਵੀਡੀਓ ਸਾਂਝੀ ਕਰਕੇ ਲਿਖਿਆ, 3 ਸਾਲਾਂ ਬਾਅਦ ਵੀ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਨਕਲੀ ਇਨਕਲਾਬੀ ਨੇਤਾ ਜਿਵੇਂ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਆਪਣੀ ਗਰੰਟੀ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ! ਇਸ ਤੱਥ ਦੇ ਬਾਵਜੂਦ ਕਿ ਭਗਵੰਤ ਮਾਨ ਨੇ ਹਾਲ ਹੀ ਵਿੱਚ ਹੇਠਾਂ ਦਿੱਤੀ ਵੀਡੀਓ ਅਨੁਸਾਰ ਬਜਟ ਵਿੱਚ ਔਰਤਾਂ ਨੂੰ 1 ਹਜ਼ਾਰ ਦੇਣ ਦਾ ਵਾਅਦਾ ਕੀਤਾ ਸੀ!
ਵਿੱਤ ਮੰਤਰੀ ਨੇ ਕੀ ਦਿੱਤਾ ਜਵਾਬ
ਬਜਟ ਤੋਂ ਬਾਅਦ ਮੀਡੀਆ ਨਾਲ ਰਾਬਤਾਂ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਪ ਨੇ ਜੋ 5 ਵੱਡੀਆਂ ਗਾਰੰਟੀਆਂ ਦਿੱਤੀਆਂ ਸਨ ਉਨ੍ਹਾਂ ਵਿੱਚੋਂ 2 ਪੂਰੀਆਂ ਹੋ ਚੁੱਕੀਆਂ ਹਨ ਤੇ 2 ਚੱਲ ਰਹੀਆਂ ਹਨ ਤੇ ਔਰਤਾਂ ਨੂੰ ਪੈਸੇ ਦੇਣ ਵਾਲੀ ਗਾਰੰਟੀ ਵੀ ਛੇਤੀ ਹੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਅਸੀਂ ਸਰਵੇ ਕਰਵਾ ਰਹੇ ਹਾ, ਵੱਖ-ਵੱਖ ਵਿਭਾਗਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਸਕੀਮ ਛੇਤੀ ਹੀ ਲਾਗੂ ਕੀਤੀ ਜਾਵੇਗੀ।