Punjab News:  ਬਠਿੰਡਾ ਦੇ ਪਿੰਡ ਘੱਸੋ ਖਾਣਾ ਵਿੱਚ ਸੀਵਰੇਜ ਪਾਈਪਲਾਈਨ ਲਾਉਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਕਾਕਾ ਸਿੰਘ ਕੋਟੜਾ ਤੇ ਬਾਕੀ ਸਾਥੀਆਂ ਨੇ ਮਰਨ ਵਰਤ ਰੱਖਿਆ ਹੋਇਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਲੀਡਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਇਸ ਗੱਲ ਦਾ ਖ਼ੁਲਾਸਾ ਡੱਲੇਵਾਲ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਕੀਤਾ।

ਵੀਡੀਓ ਸਾਂਝੀ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਠਿੰਡਾ ਦੇ ਪਿੰਡ ਘਸੋਖਾਨਾ ਵਿੱਚ ਸੀਵਰੇਜ ਪਾਈਲ ਲਾਈਨ ਪਾਉਣ ਦੇ ਵਿਰੋਧ ਵਿੱਚ ਧਰਨੇ ਦੌਰਾਨ ਕਾਨਫਰੰਸ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਫ਼ਰੀਦਕੋਟ ਪੁਲਿਸ ਨੇ ਉਨ੍ਹਾਂ ਦੇ ਘਰ ਨੂੰ ਘੇਰਾ ਪਾ ਲਿਆ ਹੈ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ।

ਡੱਲੇਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦਾ ਗਲ਼ਾ ਘੁੱਟ ਰਹੀ ਹੈ, ਪਰ ਹੁਣ ਸਾਲ ਹੀ ਰਹਿ ਗਿਆ ਹੈ ਕਿ ਉਨ੍ਹਾਂ ਨੇ ਹੁਣ ਲੋਕਾਂ ਦੀ ਕਚਿਹਰੀ ਵਿੱਚ ਆਉਣ ਹੈ ਤੇ ਲੋਕਾਂ ਸਾਹਮਣੇ ਝੁਕਣਾ ਪੈਣਾ ਹੈ। ਸਰਕਾਰ ਗੰਦਾ ਪਾਣੀ ਪਿੰਡ ਵਿੱਚੋਂ ਲੰਘਾਉਣ ਲਈ ਬਜਿੱਦ ਹੈ  ਪਰ ਸਰਕਾਰ ਨੂੰ ਇਸ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਚਾਹੀਦਾ ਹੈ ਤੇ ਇਸ ਨੂੰ ਹੋਰ ਰਾਸਤੇ ਰਾਹੀਂ ਵੀ ਕੱਢਿਆ ਜਾ ਸਕਦਾ ਹੈ।

ਡੱਲੇਵਾਲ ਨੇ ਕਿਹਾ ਕਿ ਸਰਕਾਰ ਲੋਕਤੰਤਰ ਦਾ ਗਲ਼ਾ ਘੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਕਾਕਾ ਸਿੰਘ ਕੋਟੜਾ ਤੇ ਬਾਕੀ ਸਾਥੀਆਂ ਨੇ ਮਰਨ ਵਰਤ ਰੱਖਿਆ ਹੋਇਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡੱਲੇਵਾਲ ਨੇ ਕਿਹਾ ਕਿ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਸਰਕਾਰ ਧੱਕੇ ਨਾਲ ਪਿੰਡਾਂ ਵਿਚੋਂ ਗੰਦਾ ਪਾਣੀ ਸੀਵਰੇਜ ਦਾ ਪਾਣੀ ਲੰਘਾਉਣਾ ਚਾਹੁੰਦੀ ਹੈ।

ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਹੋਰ ਪਿੰਡਾਂ ਦੀ ਗੰਦਗੀ ਆਉਣ ਨਹੀਂ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਇਹ ਯੋਜਨਾ ਰੱਦ ਨਹੀਂ ਕਰਦੀ, ਤਦ ਤਕ ਉਹ ਸੰਘਰਸ਼ ਜਾਰੀ ਰੱਖਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨਾ ਟਲ਼ੀ ਤਾਂ ਸੂਬਾ ਪੱਧਰੀ ਸੰਘਰਸ਼ ਕੀਤਾ ਜਾਵੇਗਾ।