ਚੰਡੀਗੜ੍ਹ: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਇੰਨਾ ਹੀ ਨਹੀਂ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਵਧੀਆ ਜੀਵਨ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਪੰਜਾਬ ਹੁਨਰ ਵਿਕਾਸ ਮਿਸ਼ਨ (ਪੀਐਸਡੀਐਮ) ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਵਿਸ਼ੇਸ਼ ਹੁਨਰ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਮੁੜ ਵਸੇਬਾ ਕੇਂਦਰ ਫਿਰੋਜ਼ਪੁਰ ਤੋਂ ਕੀਤੀ ਗਈ ਹੈ।


Breaking News: ਕੇਜਰੀਵਾਲ 15 ਜੂਨ ਨੂੰ ਕਰਨਗੇ ਪੰਜਾਬ ਦਾ ਦੌਰਾ, ਪੰਜਾਬ ਸਰਕਾਰ ਦੀ ਨਵੀਂ ਸਕੀਮ ਦੀ ਕਰਨਗੇ ਸ਼ੁਰੂਆਤ

ਇਸ ਨਵੇਂ ਪ੍ਰੋਗਰਾਮ ਸਬੰਧੀ ਪੀਐਸਡੀਐਮ ਮਿਸ਼ਨ ਡਾਇਰੈਕਟਰ ਦੀਪਤੀ ਉੱਪਲ ਨੇ ਦੱਸਿਆ ਕਿ ਮਿਸ਼ਨ ਵੱਲੋਂ ਨਸ਼ਾ ਛੱਡਣ ਵਾਲੇ ਪਹਿਲੇ 30 ਨੌਜਵਾਨਾਂ ਨੂੰ ਪਲੰਬਰ ਵਜੋਂ ਸਿਖਲਾਈ ਦੇਣ ਲਈ 3 ਮਹੀਨੇ ਦਾ ਹੁਨਰ ਸਿਖਲਾਈ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਦੇ ਕੇ ਕਾਬਲ ਬਣਾ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਪੀਐਸਡੀਐਮ ਦੇ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਓਓਏਟੀ ਸੈਂਟਰ ਵਿਖੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਹੈ ਤੇ ਮੈਸਰਜ਼ ਲਾਰਡ ਗਣੇਸ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਫਿਰੋਜ਼ਪੁਰ ਨੂੰ ਸਿਖਲਾਈ ਦਾ ਕੰਮ ਸੌਂਪਿਆ ਹੈ। ਸਾਰੇ 30 ਸਿੱਖਿਅਤ ਨੌਜਵਾਨਾਂ ਨੂੰ ਹੁਣ ਪਲੰਬਰ ਵਜੋਂ ਜ਼ਿਲ੍ਹੇ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਵਿੱਚੋਂ ਕੁਝ ਨੂੰ ਨੌਕਰੀਆਂ ਵੀ ਮਿਲ ਗਈਆਂ ਹਨ ਜਦੋਂ ਕਿ ਕੁਝ ਸਵੈ-ਰੁਜ਼ਗਾਰ ਹਨ।

ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਪੀਐਸਡੀਐਮ ਪਲੰਬਿੰਗ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਉਹ ਚੰਗੇ ਭਵਿੱਖ ਲਈ ਉਸਾਰੂ ਕਦਮ ਚੁੱਕਣ ਦੇ ਯੋਗ ਹੋ ਸਕਣ।