Flood in Punjab - ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਘਰ, ਜ਼ਮੀਨ, ਫਸਲਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਮਾਨਸਾ, ਜਲੰਧਰ ਦੇ ਪਿੰਡਾਂ ਵਿੱਚ ਹਾਲੇ ਤੱਕ ਵੀ ਪਾਣੀ ਭਰਿਆ ਹੋਇਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੁਆਵਜ਼ਾ ਜਾਰੀ ਕੀਤਾ ਜਾਵੇ। ਇਹ ਰਾਸ਼ੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੰਡ ਰਹੇ ਹਨ। ਇਸ ਦੇ ਲਈ ਮੁਆਵਜ਼ਾ ਦੋ ਗੇੜਾਂ 'ਚ ਵੰਡਿਆ ਜਾ ਸਕਦਾ ਹੈ।
ਪਹਿਲੇ ਗੇੜ ਵਿੱਚ 12 ਜਿਲ੍ਹੇ ਚੁਣੇ ਗਏ ਹਨ ਜਿਹਨਾਂ ਨੂੰ ਅੱਜ ਮੁਆਵਜ਼ਾ ਦਿੱਤਾ ਜਾਵੇਗਾ। ਇਹਨਾਂ 12 ਜਿਲ੍ਹਿਆਂ ਵਿੱਚ ਮੁਹਾਲੀ, ਪਟਿਆਲਾ, ਰੋਪੜ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਸੰਗਰੂਰ ਅਤੇ ਤਰਨਤਾਰਨ ਸ਼ਾਮਲ ਹਨ। ਸਰਕਾਰ ਨੇ ਸਬੰਧਤ ਜ਼ਿਲ੍ਹਿਆਂ ਵਿੱਚ ਹੋਏ ਨੁਕਸਾਨ ਦਾ ਘਰ-ਘਰ ਜਾ ਕੇ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਹੈ।
ਹਾਲਾਂਕਿ ਸਰਕਾਰ ਨੇ ਹੁਣ ਤੱਕ ਆਪਣੇ ਪੱਧਰ 'ਤੇ ਕਰੀਬ 2500 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾ ਕੇ ਕੇਂਦਰ ਸਰਕਾਰ ਤੋਂ 1300 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਹੈ ਪਰ ਕੇਂਦਰ ਤੋਂ ਇਹ ਪੈਕੇਜ ਮਿਲਣ ਤੋਂ ਪਹਿਲਾਂ ਹੀ ਹੁਣ ਸਰਕਾਰ ਲੋਕਾਂ ਦੇ ਪੰਜਾਬ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਦੀ ਤਿਆਰੀ ਕੇਂਦਰ ਤੋਂ ਪੈਸੇ ਲੈਣ ਵਿੱਚ ਸਮਾਂ ਲੱਗ ਸਕਦਾ ਹੈ।
ਇਸ ਤੋਂ ਪਹਿਲਾਂ ਬੀਤੇ ਦਿਨੀ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਹੜ੍ਹਾਂ ਕਾਰਨ ਪੰਜਾਬ ਵਿੱਚ 1500 ਕਰੋੜ ਰੁਪਏ ਨੁਕਸਾਨ ਹੋਣ ਦਾ ਅਨੁਮਾਨ ਹੈ ਜੋ ਵੱਧ ਸਕਦਾ ਹੈ। ਹੁਣ ਜੋ ਰਿਪੋਰਟ ਸਾਹਮਣੇ ਆਈ ਹੈ ਇਸ ਵਿੱਚ ਕਰੀਬ 1000 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜਿਸ ਲਈ ਪੰਜਾਬ ਸਰਕਾਰ ਨੇ 2500 ਕਰੋੜ ਰੁਪਏ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਹੈ।
ਕੈਬਨਿਟ ਦੀ ਮੀਟਿੰਗ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਹੜ੍ਹਾਂ ਕਾਰਨ 391 ਦੇ ਕਰੀਬ ਘਰ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਗਏ ਹਨ ਅਤੇ 900 ਦੇ ਕਰੀਬ ਘਰਾਂ ਨੂੰ ਤਰੇੜਾਂ ਆਈਆਂ ਹਨ। ਪੰਜਾਬ ਵਿੱਚ ਝੋਨੇ ਦਾ ਕੁੱਲ ਰਕਬਾ 6 ਲੱਖ ਏਕੜ ਹੜ੍ਹਾਂ ਨਾਲ ਨੁਕਸਾਨਿਆ ਗਿਆ ਹੈ। ਇਸ ਵਿਚੋਂ ਸਰਕਾਰ ਨੇ 2 ਲੱਖ ਏਕੜ 'ਤੇ ਮੁੜ ਝੋਨਾ ਲਾਉਣ ਦੀ ਤਿਆਰੀ ਖਿੱਚੀ ਹੈ। ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਅਤੇ ਕਿਸਾਨਾਂ ਰਾਹੀਂ ਝੋਨੇ ਦੀ ਪਨੀਰੀ ਦਾ ਇੰਤਜਾਮ ਵੀ ਕਰ ਲਿਆ ਹੈ। ਇਹ ਪਨੀਰੀ 90 ਦਿਨਾਂ ਵਿੱਚ ਤਿਆਰ ਹੋ ਜਾਵੇਗੀ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੁਨਾਮ ਪਹੁੰਚੇ ਸਨ ਤਾਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ ਕਦੇ ਭੀਖ ਨਹੀਂ ਮੰਗੇ ਅਸੀਂ ਕੇਂਦਰ ਤੋਂ ਭੀਖ ਕਿਉਂ ਮੰਗੀਏ। ਮੁੱਖ ਮੰਤਰੀ ਨੇ ਕਿਹਾ ਸੀ ਕਿ ਸਾਡੇ ਕੋਲ ਖ਼ਜਾਨੇ ਵਿੱਚ ਬਹੁਤ ਪੈਸਾ ਹੈ। ਅਸੀਂ ਹੜ੍ਹਾਂ ਦੇ ਮੁਆਵਜ਼ੇ ਲਈ ਕੇਂਦਰ ਸਰਕਾਰ ਤੋਂ ਭੀਖ ਨਹੀਂ ਮੰਗਾਂਗੇ। ਪਰ ਕੈਬਨਿਟ ਮੰਤਰੀਆਂ ਨੇ ਕੇਂਦਰ ਸਰਕਾਰ ਤੋਂ 1300 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਮੌਜੂਦਾ ਸਮੇਂ ਕੇਂਦਰ ਸਰਕਾਰ ਨੇ 218 ਕਰੋੜ 40 ਲੱਖ ਦੇ ਰਾਹਤ ਫੰਡ ਪੰਜਾਬ ਨੂੰ ਦਿੱਤੇ ਹਨ।