ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਆਖਰੀ ਦਿਨ ਸੀ। ਜਿੱਥੇ ਭਾਜਪਾ ਦਾ ਬਾਈਕਾਟ ਜਾਰੀ ਰਿਹਾ , ਉੱਥੇ ਹੀ ਕਾਂਗਰਸੀ ਵਿਧਾਇਕਾਂ ਨੇ ਆਪਰੇਸ਼ਨ ਲੋਟਸ ਨੂੰ ਲੈ ਕੇ ਸਦਨ 'ਚੋਂ ਵਾਕਆਊਟ ਕਰ ਦਿੱਤਾ ਹੈ। ਇਸ ਹੰਗਾਮੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਵਿਸ਼ਵਾਸ ਮਤ ਦੇ ਸਮਰਥਨ ਵਿੱਚ 93 ਵੋਟਾਂ ਪਈਆਂ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਿਸ਼ਵਾਸ ਮਤ ਜਿੱਤ ਲਿਆ।

 

ਇਸ ਤੋਂ ਪਹਿਲਾਂ ਵਿਸ਼ਵਾਸ ਮਤ 'ਤੇ ਚਰਚਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ 'ਆਪ੍ਰੇਸ਼ਨ ਲੋਟਸ' ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਿਆ ਅਤੇ ਉਸ 'ਤੇ 6 ਮਹੀਨੇ ਪੁਰਾਣੀ ਸਰਕਾਰ ਨੂੰ ਡੇਗਣ ਦਾ ਦੋਸ਼ ਲਗਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 27 ਸਤੰਬਰ ਨੂੰ ਸਦਨ ਵਿੱਚ ਵਿਸ਼ਵਾਸ ਮਤ ਪੇਸ਼ ਕੀਤਾ ਸੀ।

 


'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੇ ਸੋਮਵਾਰ ਨੂੰ ਚਰਚਾ ਸ਼ੁਰੂ ਕੀਤੀ। ਅੰਗੁਰਾਲ ਨੇ ਕਿਹਾ ਕਿ ਉਸਨੇ ਕਾਲ ਰਿਕਾਰਡਿੰਗ ਅਤੇ ਮੋਬਾਈਲ ਫੋਨ ਨੰਬਰਾਂ ਸਮੇਤ ਸਾਰੇ ਵੇਰਵੇ ਰਾਜ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੇ ਹਨ ਅਤੇ ਇੱਕ "ਸਟਿੰਗ" ਵੀ ਦਿੱਤਾ ਹੈ ,ਜੋ ਉਸਨੇ ਭਾਜਪਾ ਦੇ ਇਸ਼ਾਰੇ 'ਤੇ ਉਸ ਨੂੰ ਮਿਲਣ ਆਉਣ ਦਾ ਦਾਅਵਾ ਕੀਤਾ ਸੀ। ਅੰਗੁਰਲ ਮੁਤਾਬਕ ਇਨ੍ਹਾਂ ਤਿੰਨਾਂ ਨੇ ਉਸ ਨੂੰ 'ਆਪ੍ਰੇਸ਼ਨ ਲੋਟਸ' ਤਹਿਤ ਪੈਸੇ ਅਤੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ।

 

ਬਹਿਸ ਸ਼ੁਰੂ ਹੁੰਦੇ ਹੀ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਤੋਂ ਮੰਗ ਕੀਤੀ ਕਿ ਸਿਫਰ ਕਾਲ ਦੌਰਾਨ ਉਨ੍ਹਾਂ ਨੂੰ ਬੋਲਣ ਅਤੇ ਮੁੱਦੇ ਉਠਾਉਣ ਦਾ ਸਮਾਂ ਦਿੱਤਾ ਜਾਵੇ। ਭਾਜਪਾ ਦੇ ਦੋ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਜੰਗੀ ਲਾਲ ਮਹਾਜਨ ਸੈਸ਼ਨ ਦਾ ਬਾਈਕਾਟ ਕੀਤਾ ਹੈ। ਉਨ੍ਹਾਂ 'ਆਪ' ਸਰਕਾਰ 'ਤੇ ਵਿਧਾਨ ਸਭਾ 'ਚ ਵਿਸ਼ਵਾਸ ਮਤ ਲਿਆ ਕੇ ਸੰਵਿਧਾਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ।


 

ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਭਰੋਸੇ ਦੇ ਮਤੇ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਕਿਹਾ ਕਿ ਭਰੋਸੇ ਦਾ ਮਤਾ ਲਿਆਉਣ ਦੀ ਕੀ ਲੋੜ ਸੀ, 'ਆਪ' ਕੋਲ ਪਹਿਲਾਂ ਹੀ ਬਹੁਮਤ ਹੈ। ਇਆਲੀ ਨੇ ਕਿਹਾ ਕਿ 'ਆਪ' ਨੇ ਵਿਧਾਇਕਾਂ ਨੂੰ ਖਰੀਦਣ ਵਾਲਿਆਂ ਖਿਲਾਫ ਸ਼ਿਕਾਇਤ ਦਿੱਤੀ ਸੀ ਪਰ ਅੱਜ ਤੱਕ ਇਹ ਪਤਾ ਨਹੀਂ ਲੱਗਾ ਕਿ ਉਨ੍ਹਾਂ ਨੂੰ ਖਰੀਦਣ ਦੀ ਗੱਲ ਕਿਸ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਰਫ ਰਾਜਨੀਤੀ ਹੈ। 'ਆਪ' ਸਰਕਾਰ ਨੂੰ ਵਿਧਾਇਕਾਂ ਦੀ ਖਰੀਦਣ ਫ਼ਰੋਖ਼ਤ ਦੇ ਸਬੂਤ ਪੇਸ਼ ਕਰਨੇ ਚਾਹੀਦੇ ਹਨ। ਇਆਲੀ ਨੇ ਵਿਸ਼ਵਾਸ ਮਤ  ਦਾ ਵਿਰੋਧ ਕੀਤਾ।

 

ਇਸ ਤੋਂ ਪਹਿਲਾਂ ਬਹਿਸ ਦਾ ਜਵਾਬ ਦਿੰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਇੱਕ ਹਨ। ਭਾਜਪਾ ਆਪਰੇਸ਼ਨ ਲੋਟਸ ਚਲਾ ਕੇ ਚੁਣੇ ਹੋਏ ਨੁਮਾਇੰਦਿਆਂ ਨੂੰ ਖਰੀਦ ਕੇ ਸਰਕਾਰ ਬਣਾ ਰਹੀ ਹੈ। ਭਾਜਪਾ ਨੇ ਕਾਂਗਰਸੀ ਵਿਧਾਇਕਾਂ ਨੂੰ ਖਰੀਦ ਲਿਆ ਪਰ ਕਾਂਗਰਸ ਚੁੱਪ ਹੈ। ਕਾਂਗਰਸ ਨੇ ਵੀ ਚਰਚਾ ਵਿੱਚ ਹਿੱਸਾ ਨਹੀਂ ਲਿਆ।