Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੇਲੇ ਲੁਧਿਆਣਾ ਜ਼ਿਮਨੀ ਚੋਣ ਜਿੱਤਣ ਲਈ ਪੂਰੀ ਵਾਹ ਲਾ ਰਹੇ ਹਨ। ਇਸ ਮੌਕੇ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵੀ ਚਲਾਇਆ ਜਾ ਰਿਹਾ ਹੈ ਪਰ ਇਸ ਦੌਰਾਨ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਹੁਣ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਕਿ ਨੌਜਵਾਨ ਵਿਦੇਸ਼ ਚਲੇ ਗਏ ਹਨ ਜਾਂ ਨਸ਼ਿਆਂ ਉੱਤੇ ਲੱਗ ਗਏ ਹਨ ਜਿਸ ਕਰਕੇ ਸਿੱਖ ਰੈਜੀਮੈਂਟ ਖਤਰੇ ਵਿੱਚ ਹੈ।

Continues below advertisement



ਇਸ ਤੋਂ ਬਾਅਦ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਤਿੱਖੀ ਟਿੱਪਣੀ ਕੀਤੀ ਹੈ। ਪਰਗਟ ਸਿੰਘ ਨੇ ਭਗਵੰਤ ਮਾਨ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, 3 ਸਾਲਾਂ ‘ਚ ਹਰ ਫਰੰਟ ‘ਤੇ ਫੇਲ੍ਹ ਹੋਏ ਭਗਵੰਤ ਮਾਨ ਹੁਣ ਨਸ਼ਿਆਂ ਦੇ ਨਾਂ ‘ਤੇ ਲੁਧਿਆਣਾ ਚੋਣ ਜਿੱਤਣ ਲਈ ਨਾ ਸਿਰਫ਼ ਲੁਧਿਆਣਾ ਨੂੰ ਬਦਨਾਮ ਕਰ ਰਹੇ ਹਨ, ਸਗੋਂ ਹੁਣ ਤਾਂ ਸਾਡੀ ਮਾਣਯੋਗ ਸਿੱਖ ਰੈਜੀਮੈਂਟ ਨੂੰ ਵੀ ਨਸ਼ਿਆਂ ਨਾਲ ਜੋੜ ਕੇ ਬਦਨਾਮ ਕਰਨ ਲੱਗ ਪਏ ਹਨ।






ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਜੀ, ਹਕੀਕਤ ਇਹ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਫੌਜੀ ਭਰਤੀਆਂ ਰੱਦ ਕਰਕੇ ‘ਅਗਨੀਵੀਰ’ ਯੋਜਨਾ ਲਾਗੂ ਕੀਤੀ, ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਫੌਜ ਵੱਲ ਰੁਝਾਨ ਘਟਿਆ ਹੈ—ਨਾ ਕਿ ਨਸ਼ਿਆਂ ਕਰਕੇ। ਅੰਕੜਿਆਂ ਅਨੁਸਾਰ, ਪੰਜਾਬ ਵਿੱਚ ਨਸ਼ੇ ਦੀ ਲਤ ਸਿਰਫ਼ 1-2% ਲੋਕਾਂ ਤੱਕ ਸੀਮਿਤ ਹੈ। 92% ਨੌਜਵਾਨ ਅਜੇ ਵੀ ਫੌਜ ਵਿੱਚ ਭਰਤੀ ਲਈ ਯੋਗ ਹਨ।


ਬਿਨਾਂ ਤੱਥਾਂ ਦੇ ਬਿਆਨਬਾਜ਼ੀ ਕਰਕੇ, ਭਗਵੰਤ ਮਾਨ ਜੀ, ਤੁਸੀਂ ਸਿਰਫ਼ ਪੰਜਾਬ ਦੇ ਨੌਜਵਾਨਾਂ ਦੀ ਨਹੀਂ, ਸਗੋਂ ਸਾਡੀ ਮਾਣਯੋਗ 'ਸਿੱਖ ਰੈਜੀਮੈਂਟ' ਦੀ ਵੀ ਬੇਇੱਜ਼ਤੀ ਕੀਤੀ ਹੈ। ਕੇਜਰੀਵਾਲ ਦੇ ਕਹਿਣ ‘ਤੇ ਪੰਜਾਬ ਨੂੰ ਭੰਡਣਾ ਬੰਦ ਕਰੋ!



ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਇਸ ਬਿਆਨ ਦੀ ਵੀਡੀਓ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਸੀ ਜਿਸ ਦੇ ਮਜਮੂਨ 'ਚ ਲਿਖਿਆ ਸੀ ਕਿ ਸਾਡੇ ਨੌਜਵਾਨਾਂ ਦੇ ਵਿਦੇਸ਼ਾਂ 'ਚ ਜਾਣ ਤੇ ਨਸ਼ਿਆਂ ਵੱਲ ਜਾਣ ਕਾਰਨ ਸਿੱਖ ਰੈਜ਼ੀਮੈਂਟ ਫੌਜ 'ਚ ਭਰਤੀ ਬਹੁਤ ਘੱਟ ਗਈ, ਜੋ ਇੱਕ ਚਿੰਤਾਜਨਕ ਗੱਲ ਹੈ। ਪਰ ਅਸੀਂ ਸਾਡੇ ਨੌਜਵਾਨਾਂ ਨੂੰ ਇਸ ਭੈੜੀ ਅਲਾਮਤ ਤੋਂ ਬਚਾਉਣ 'ਚ ਲੱਗੇ ਹੋਏ ਹਾਂ। ਅਸੀਂ ਸਾਡੀ ਸਿੱਖ ਰੈਜ਼ੀਮੈਂਟ ਦੀ ਵਿਰਾਸਤ ਨੂੰ ਬਰਕਰਾਰ ਰੱਖਾਂਗੇ।