ਸੰਗਰੂਰ: ਆਪਣੇ ਪੁਰਾਣੇ ਸਾਥੀ ਸੁਖਪਾਲ ਖਹਿਰਾ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਸਤੀਫ਼ਾ ਲਿਖਣ ਲਈ ਤਿਆਰ ਹਨ। ਮਾਨ ਨੇ ਕਿਹਾ ਕਿ ਜੇਕਰ ਖਹਿਰਾ ਨੂੰ ਅਸਤੀਫ਼ਾ ਲਿਖਣਾ ਨਹੀਂ ਆਉਂਦਾ ਤਾਂ ਉਹ ਭੇਜ ਦਿੰਦੇ ਹਨ।

ਮਾਨ ਨੇ ਖਹਿਰਾ ਨੂੰ ਕਿਹਾ ਕਿ ਸੁਖਪਾਲ ਖਹਿਰਾ ਨੇ ਪਾਰਟੀ ਬਦਲ ਲਈ ਪਰ ਅਸਤੀਫ਼ਾ ਲਿਖਣਾ ਤਾਂ ਆਉਂਦਾ ਨਹੀਂ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੇ ਲੰਮਾ ਚੌੜਾ ਅਸਤੀਫ਼ਾ ਇਸ ਲਈ ਦਿੱਤਾ ਤਾਂ ਕਿ ਉਸ ਨੂੰ ਮਨਜ਼ੂਰ ਨਾ ਕੀਤਾ ਜਾਵੇ। ਭਗਵੰਤ ਮਾਨ ਨੇ ਫੂਲਕਾ ਵੱਲੋਂ ਦਿੱਤੇ ਅਸਤੀਫ਼ੇ ਦੀ ਉਦਾਹਰਣ ਵੀ ਦਿੱਤੀ।

ਉਨ੍ਹਾਂ ਕਿਹਾ ਕਿ ਜੇਕਰ ਖਹਿਰਾ ਪਹਿਲਾਂ ਹੀ ਅਸਤੀਫ਼ਾ ਦੇ ਦਿੰਦੇ ਤਾਂ ਭੁਲੱਥ ਵਿੱਚ ਜ਼ਿਮਨੀ ਚੋਣ ਇਨ੍ਹਾਂ ਲੋਕ ਸਭਾ ਚੋਣਾਂ ਨਾਲ ਹੋ ਜਾਂਦੀਆਂ। ਮਾਨ ਨੇ ਦੋਸ਼ ਲਾਇਆ ਕਿ ਜੇਕਰ ਉਹ ਅਜਿਹਾ ਕਰਦੇ ਤਾਂ ਉਨ੍ਹਾਂ ਦਾ ਬਠਿੰਡਾ ਕਮਿਸ਼ਨ (ਮਿਸ਼ਨ) ਪੂਰਾ ਨਾ ਹੁੰਦਾ ਕਿਉਂਕਿ ਉਹ ਹਰਸਿਮਰਤ ਬਾਦਲ ਨੂੰ ਹੀ ਜਿਤਾਉਣ ਉੱਥੇ ਗਏ ਹੋਏ ਹਨ। ਮਾਨ ਨੇ ਇਹ ਵੀ ਕਿਹਾ ਕਿ ਖਹਿਰਾ ਕਾਂਗਰਸ ਦੇ ਏਜੰਟ ਹਨ ਤੇ ਚੰਗਾ ਹੋਇਆ ਪਾਰਟੀ ਨੇ ਉਨ੍ਹਾਂ ਨੂੰ ਪਹਿਲਾਂ ਹੀ ਬਾਹਰ ਦਾ ਰਸਤਾ ਵਿਖਾ ਦਿੱਤਾ ਨਹੀਂ ਤਾਂ ਉਹ ਆਮ ਆਦਮੀ ਪਾਰਟੀ ਨੂੰ ਵੀ ਹੁਣ ਤਕ ਕਾਂਗਰਸ ਵਿੱਚ ਬਦਲ ਦਿੰਦੇ।