ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਹੈ ਕਿ ਬਿਜਲੀ ਅੰਦੋਲਨ ਰੰਗ ਲਿਆਉਣ ਲੱਗਾ ਹੈ। ਬਿਜਲੀ ਅੰਦੋਲਨ ਰਾਹੀਂ ਪੋਲ ਖੁੱਲ੍ਹਣ ਮਗਰੋਂ ਪਾਵਰਕੌਮ ਹਰਕਤ ਵਿੱਚ ਆ ਗਿਆ ਹੈ। ਇਸ ਲਈ ਬਿਜਲੀ ਦੇ ਬਿੱਲ ਘੱਟ ਆਉਣ ਲੱਗੇ ਹਨ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਗ਼ਰੀਬ ਲੋਕਾਂ ਦੇ ਵੱਡੇ ਬਿੱਲ ਹੁਣ ਛੋਟੇ ਹੋਣ ਲੱਗੇ ਹਨ। ਬਿਜਲੀ ਅੰਦੋਲਨ ਅੱਗੇ ਪੰਜਾਬ ਸਰਕਾਰ ਝੁਕਣ ਲੱਗੀ ਹੈ। ਇਸ ਲਈ ਬਿਜਲੀ ਬਿੱਲ ਮੁਆਫ਼ ਕਰਨੇ ਸ਼ੁਰੂ ਕਰ ਦਿੱਤੇ ਹਨ।
ਐਤਵਾਰ ਨੂੰ ਸੰਗਰੂਰ ਵਿੱਚ ਭਗਵੰਤ ਮਾਨ ਵੱਲੋਂ ਦੋ ਬਿਜਲੀ ਖ਼ਪਤਕਾਰਾਂ ਨੂੰ ਮੀਡੀਆ ਅੱਗੇ ਲਿਆਂਦਾ ਗਿਆ ਜਿਨ੍ਹਾਂ ਦੇ ਬਿੱਲ ਪਾਵਰਕੌਮ ਨੇ ਘਟਾ ਦਿੱਤੇ ਹਨ। ਉਨ੍ਹਾਂ ਦੋਵੇਂ ਬਿਜਲੀ ਖ਼ਪਤਕਾਰਾਂ ਦੇ ਘਟਾਏ ਬਿੱਲ ਵਿਖਾਉਂਦਿਆਂ ਦੱਸਿਆ ਕਿ ਪਿੰਡ ਘਰਾਚੋਂ ਦੇ ਵਸਨੀਕ ਨਾਹਰ ਸਿੰਘ ਦੇ ਘਰ ਦਾ ਬਿਜਲੀ ਬਿੱਲ 41,240 ਰੁਪਏ ਆਇਆ ਸੀ, ਜੋ ਹੁਣ ਘਟਾ ਕੇ 6500 ਰੁਪਏ ਕਰ ਦਿੱਤਾ ਹੈ।
ਇਸੇ ਤਰ੍ਹਾਂ ਮਹਿਲਾ ਅੰਗਰੇਜ਼ ਕੌਰ ਦੇ ਘਰ ਦਾ ਬਿਜਲੀ ਬਿੱਲ 21,780 ਰੁਪਏ ਆਇਆ ਸੀ, ਜੋ ਘਟਾ ਕੇ 1200 ਰੁਪਏ ਭਰਵਾ ਲਿਆ ਹੈ। ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਬਿਜਲੀ ਅੰਦੋਲਨ ਡਰਾਮਾ ਲੱਗ ਰਿਹਾ ਸੀ, ਕਿਉਂਕਿ ਕਾਂਗਰਸੀ ਕਦੇ ਮਹਿਲਾਂ ’ਚੋਂ ਨਿਕਲ ਕੇ ਗ਼ਰੀਬ ਲੋਕਾਂ ਦੇ ਘਰਾਂ ਵਿਚ ਨਹੀਂ ਗਏ। ਉਨ੍ਹਾਂ ਕਿਹਾ ਕਿ ਜੇਕਰ 25 ਫਰਵਰੀ ਤਕ ਸਰਕਾਰ ਨੇ ਬਿਜਲੀ ਬਿੱਲਾਂ ਬਾਰੇ ਕੋਈ ਫ਼ੈਸਲਾ ਨਾ ਲਿਆ ਤਾਂ ਇਹ ਅੰਦੋਲਨ ਪਿੰਡਾਂ ’ਚੋਂ ਨਿਕਲ ਕੇ ਮਹਿਲਾਂ ਤੱਕ ਪੁੱਜੇਗਾ।