ਚੰਡੀਗੜ੍ਹ: ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਸਮਝੌਤੇ ਜਾਰੀ ਰੱਖਣ ਕਰਕੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ‘ਬਿਜਲੀ ਅੰਦੋਲਨ’ ਲਈ ਲੋਕਾਂ ਦੀ ਲਾਮਬੰਦੀ ਕਰਕੇ ਸਰਕਾਰ ਨੂੰ ਝੁਕਾ ਲਿਆ ਹੈ ਪ੍ਰੰਤੂ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਕੀਤੇ ਅਤਿ ਮਹਿੰਗੇ ਇਕਰਾਰਨਾਮੇ ਰੱਦ ਕਰਕੇ ਲੋਕਾਂ ਨੂੰ ਬੇਹੱਦ ਮਹਿੰਗੀਆਂ ਬਿਜਲੀ ਦਰਾਂ ਤੋਂ ਨਿਜਾਤ ਨਹੀਂ ਦਿਵਾਉਂਦੀ।
ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਾਦਲ ਸਰਕਾਰ ਵਾਲਾ ਰਾਹ ਫੜ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਵੱਲੋਂ ਸਸਤੀ ਬਿਜਲੀ ਪੈਦਾ ਕਰਨ ਵਾਲੇ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਲੈ ਕੇ ਦੂਜੇ ਥਰਮਲ ਪਲਾਟਾਂ ਤੋਂ ਬੇਹੱਦ ਮਹਿੰਗੀ ਬਿਜਲੀ ਖ਼ਰੀਦਣ ਦੇ 25-25 ਸਾਲ ਦੇ ਸਮਝੌਤੇ ਆਪਣੀ ਹਿੱਸੇਦਾਰੀ ਬੰਨ੍ਹ ਕੇ ਕੀਤੇ ਗਏ ਸਨ। ਜਿਸ ਦੇ ਨਤੀਜੇ ਵਜੋਂ ਪੰਜਾਬ ‘ਚ ਹਰ ਅਮੀਰ-ਗ਼ਰੀਬ ਨੂੰ ਔਸਤਨ ਪ੍ਰਤੀ ਯੂਨਿਟ ਦੀ ਕੀਮਤ ਅੱਠ-ਦਸ ਰੁਪਏ ਪੈ ਰਹੀ ਹੈ, ਜੋ ਪੂਰੇ ਦੇਸ਼ ‘ਚ ਮਹਿੰਗੀ ਦਰ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਮਝੌਤੇ ਵਾਜਬ ਦਰਾਂ ‘ਤੇ ਹੋਏ ਹੁੰਦੇ ਤਾਂ ਅੱਧੇ ਮੁੱਲ ‘ਚ ਬਿਜਲੀ ਪੈਂਦੀ ਅਤੇ ਹਰ ਸਾਲ 2800 ਕਰੋੜ ਰੁਪਏ ਦਾ ਵਾਧੂ ਬੋਝ ਪੰਜਾਬ ਦੇ ਬਿਜਲੀ ਖਪਤਕਾਰਾਂ ‘ਤੇ ਨਾ ਪੈਂਦਾ। ਭਗਵੰਤ ਮਾਨ ਨੇ ਕਿ ਪੰਜਾਬ ਦੇ ਲੋਕ ਸੁਨੀਲ ਜਾਖੜ ਨੂੰ ਇਹ ਸਵਾਲ ਪੁੱਛਣ ਕਿ ਲੋਕਾਂ ਨੂੰ ਲੁੱਟ ਰਹੀਆਂ ਬਿਜਲੀ ਕੰਪਨੀਆਂ ਵਿਰੁੱਧ ਹੁਣ ਕਿਉਂ ਨਹੀਂ ਜ਼ੁਬਾਨ ਖੋਲ੍ਹਦੇ।