Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ ਵਿੱਚ ਵਿਧਾਨ ਸਭਾ ਜ਼ਿਮਨੀ ਚੋਣ ਦੀ ਪਹਿਲੀ ਵਲੰਟੀਅਰ ਮੀਟਿੰਗ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਦੌਰਾਨ ਮਾਨ ਨੇ ਕਿਹਾ ਕਿ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਉਨ੍ਹਾਂ ਨੂੰ ਵੋਟਾਂ ਵਿੱਚ ਖੜ੍ਹਣ ਲਈ 4 ਬੰਦੇ ਨਹੀਂ ਲਭ ਰਹੇ।



ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਮੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਲਾਇਆ ਤੇ ਹੁਣ ਖ਼ਤਮ ਹੋ ਗਏ। ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਬੰਦੇ ਵੀ ਬੈਠੇ ਹੋਣਗੇ ਉਹ ਵੀ ਹੁਣ ਆਪਣੇ ਵਿੱਚ ਹੀ ਆ ਗਏ ਹਨ ਕਿਉਂਕਿ ਇਹ ਤਾਂ ਹੁਣ ਖ਼ਤਮ ਹੋ ਗਏ ਹਨ।






ਮਾਨ ਨੇ ਕਿਹਾ ਕਿ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਸਾਡਾ ਜਰਨੈਲ ਨਹੀਂ ਚੋਣਾ ਲੜ ਰਿਹਾ, ਸੁਖਬੀਰ ਬਾਦਲ ਨੇ ਕਿਹੜੀਆਂ ਜੰਗਾਂ ਲੜੀਆਂ, ਉਸਨੇ ਤਾਂ ਬੇੜਾ ਗਰਕ ਹੀ ਕੀਤਾ, ਅਕਾਲੀ ਦਲ ਵਾਲੇ ਬਿਨਾਂ ਸੁਖਬੀਰ ਬਾਦਲ ਤੋਂ ਚੋਣਾ ਲੜ ਕੇ ਵੇਖ ਲੈਣ ਸ਼ਾਇਦ ਚਾਰ ਵੋਟਾਂ ਵੱਧ ਹੀ ਪੈ ਜਾਣ। ਮਾਨ ਨੇ ਤੰਜ ਕਸਦਿਆਂ ਕਿਹਾ ਕਿ, ਸੁਖਬੀਰ ਬਾਦਲ ਨੇ ਤਾਂ ਸੁਰਜੀਤ ਪਾਤਰ ਦਾ ਸ਼ੇਅਰ ਹੀ ਬਦਲ ਦਿੱਤਾ ਕਿ, ਐਨਾ ਝੂਠ ਨਾ ਬੋਲ ਕਿ ਇਕੱਲਾ ਹੀ ਰਹਿ ਜਾਵੇ, ਚਾਰ ਕੁ ਬੰਦੇ ਤਾਂ ਰੱਖ ਲੈ ਜਿਮਨੀ ਚੋਣਾਂ ਲੜਣ ਲਈ।



ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਬਾਈਕਾਟ


ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਲਈ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਨਹੀਂ ਲੜੇਗਾ। ਅਕਾਲੀ ਦਲ ਦੇ ਇਸ ਫੈਸਲੇ ਨਾਲ ਪੰਜਾਬ ਦੀ ਸਿਆਸਤ ਵਿੱਚ ਤੂਫਾਨ ਆ ਗਿਆ ਹੈ।  ਅਹਿਮ ਗੱਲ ਹੈ ਕਿ ਅਕਾਲੀ ਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਸਹਾਰਾ ਲੈ ਕੇ ਚੋਣਾਂ ਦਾ ਬਾਈਕਾਟ ਕੀਤਾ ਹੈ ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਲੜਨ ਉੱਤੇ ਕੋਈ ਪਾਬੰਦੀ ਨਹੀਂ।


ਜਥੇਦਾਰ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਸਬੰਧਤ ਮਾਮਲਾ ਅਕਾਲ ਤਖ਼ਤ ਵਿਖੇ ਵਿਚਾਰ ਅਧੀਨ ਹੈ, ਜਿਸ ਲਈ ਉਨ੍ਹਾਂ ਨੂੰ ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਪਰ ਬਾਕੀ ਪਾਰਟੀ ’ਤੇ ਕੋਈ ਪਾਬੰਦੀ ਨਹੀਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਮਨੀ ਚੋਣਾਂ ਵਿੱਚ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਆਪਣੇ ਉਮੀਦਵਾਰ ਐਲਾਨ ਕੇ ਚੋਣ ਲੜ ਸਕਦਾ ਹੈ।