Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਸਿਹਤ ਖਰਾਬ ਹੋਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅੱਜ ਉਨ੍ਹਾਂ ਦੀ ਮਾਂ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਨ੍ਹਾਂ ਨੂੰ ਮਿਲਣ ਪਹੁੰਚੇ। ਮੁੱਖ ਮੰਤਰੀ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੀ ਨਬਜ਼ ਦੀ ਦਰ ਵਿੱਚ ਸੁਧਾਰ ਹੋਇਆ ਹੈ। ਮੈਡੀਕਲ ਟੀਮਾਂ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀਆਂ ਹਨ। ਮੈਡੀਕਲ ਟੀਮਾਂ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀਆਂ ਹਨ।
ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਹੌਲੀ ਧੜਕਣ ਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਇੱਥੇ ਡਾਕਟਰਾਂ ਦੀ ਟੀਮ ਨੇ ਤੁਰੰਤ ਉਨ੍ਹਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਨਿਗਰਾਨੀ ਲਈ ਦਾਖਲ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਨੂੰ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ, ਭਗਵੰਤ ਮਾਨ ਪਿਛਲੇ ਦੋ ਦਿਨਾਂ ਤੋਂ ਬਿਮਾਰ ਸਨ। ਇਸ ਕਾਰਨ ਉਨ੍ਹਾਂ ਦਾ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਉਦੋਂ ਤੋਂ ਉਹ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਆਰਾਮ ਕਰ ਰਹੇ ਸਨ ਅਤੇ ਉੱਥੇ ਇਲਾਜ ਚੱਲ ਰਿਹਾ ਸੀ। ਪਰ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ। ਮੁੱਖ ਮੰਤਰੀ ਦੀ ਖਰਾਬ ਸਿਹਤ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਪ੍ਰਸਤਾਵਿਤ ਕੈਬਨਿਟ ਮੀਟਿੰਗ ਵੀ ਮੁਲਤਵੀ ਕਰਨੀ ਪਈ।
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਪਿਛਲੇ ਸਾਲ ਵੀ ਵਿਗੜ ਗਈ ਸੀ। 26 ਸਤੰਬਰ 2024 ਨੂੰ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਰੁਟੀਨ ਚੈੱਕਅਪ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਫੇਫੜਿਆਂ ਦੀ ਧਮਣੀ ਵਿੱਚ ਸੋਜ ਸੀ, ਜਿਸ ਨਾਲ ਦਿਲ 'ਤੇ ਦਬਾਅ ਵਧ ਰਿਹਾ ਸੀ ਤੇ ਬਲੱਡ ਪ੍ਰੈਸ਼ਰ ਅਸਥਿਰ ਹੋ ਰਿਹਾ ਸੀ।
ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਮਾਨ ਨੂੰ ਲੈਪਟੋਸਪਾਇਰੋਸਿਸ ਨਾਮਕ ਇਨਫੈਕਸ਼ਨ ਹੈ। ਇਹ ਇੱਕ ਬੈਕਟੀਰੀਆ ਦੀ ਇਨਫੈਕਸ਼ਨ ਹੈ, ਜੋ ਮੀਂਹ ਅਤੇ ਗੰਦੇ ਪਾਣੀ ਦੇ ਸੰਪਰਕ ਰਾਹੀਂ ਫੈਲਦੀ ਹੈ ਅਤੇ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਲਗਾਤਾਰ ਦੇਖਭਾਲ ਅਤੇ ਦਵਾਈਆਂ ਦੇ ਪ੍ਰਭਾਵ ਨਾਲ, ਉਸਦੀ ਸਿਹਤ ਵਿੱਚ ਸੁਧਾਰ ਹੋਇਆ। ਤਿੰਨ ਦਿਨ ਬਾਅਦ, 29 ਸਤੰਬਰ 2024 ਨੂੰ, ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।