ਚੰਡੀਗੜ੍ਹ : ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਲਈ ਰਣਨੀਤੀ ਉਲੀਕੀ ਲਈ ਹੈ। ਸੂਤਰਾਂ ਅਨੁਸਾਰ ਜੇਕਰ ਸੁਖਬੀਰ ਸਿੰਘ ਬਾਦਲ ਆਪਣੇ ਵਿਧਾਨ ਸਭਾ ਹਲਕੇ ਜਲਾਲਾਬਾਦ ਤੋਂ ਚੋਣ ਲੜਦੇ ਹਨ ਤਾਂ ਆਮ ਆਦਮੀ ਪਾਰਟੀ ਵੱਲੋਂ ਇੱਥੋਂ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਚੋਣ ਲੜਨਗੇ। ਇਸ ਗੱਲ ਦਾ ਐਲਾਨ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਜਲਾਲਾਬਾਦ ਵਿਖੇ ਪਾਰਟੀ ਦੀ ਹੋਣ ਵਾਲੀ ਰੈਲੀ ਦੌਰਾਨ ਕਰਨਗੇ।


ਕੇਜਰੀਵਾਲ ਪਾਰਟੀ ਦੀ ਮੱਧਮ ਪੈ ਰਹੀ ਰਫ਼ਤਾਰ ਨੂੰ ਤੇਜ਼ ਕਰਨ ਲਈ 20 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬ ਵਿੱਚ 21 ਰੈਲੀਆਂ ਕਰਨਗੇ। ਰੈਲੀਆਂ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਤੋਂ ਕੀਤੀ ਜਾ ਰਹੀ ਹੈ। ਆਪ ਦੇ ਸੂਤਰਾਂ ਅਨੁਸਾਰ ਇਸ ਥਾਂ ਉੱਤੇ ਕੇਜਰੀਵਾਲ ਭਗਵੰਤ ਮਾਨ ਦੇ ਨਾਮ ਦਾ ਐਲਾਨ ਕਰਨਗੇ।

ਸੂਤਰਾਂ ਅਨੁਸਾਰ ਜੇਕਰ ਸੁਖਬੀਰ ਸਿੰਘ ਬਾਦਲ ਆਪਣਾ ਹਲਕਾ ਬਦਲਦੇ ਹਨ ਤਾਂ ਵੀ ਉਸ ਸੀਟ ਤੋਂ ਭਗਵੰਤ ਮਾਨ ਹੀ ਉਨ੍ਹਾਂ ਨੂੰ ਟੱਕਰ ਦੇਣਗੇ। ਪਾਰਟੀ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਕੇਜਰੀਵਾਲ ਦਾ ਪੰਜਾਬ ਦਾ ਲੰਮਾ ਦੌਰਾ ਕਰਨ ਦਾ ਮਕਸਦ ਅਕਾਲੀ ਦਲ ਤੇ ਭਾਜਪਾ ਗੱਠਜੋੜ ਅਤੇ ਕਾਂਗਰਸ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਪੰਜਾਬ ਨੂੰ ਜਾਣੂ ਕਰਵਾਉਣਾ ਹੈ।