ਨਵੀਂ ਦਿੱਲੀ: ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਗੁਰੂ ਦੇ ਰਸਤੇ 'ਤੇ ਚੱਲ ਪਏ ਹਨ। ਉਹ ਕੇਂਦਰ ਦੇ ਪੈਸਿਆਂ ਨਾਲ ਕੰਮ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਰਾਜ ਨਹੀਂ ਚੱਲਦਾ।



ਇਸ ਦੇ ਨਾਲ ਹੀ ਹਰਜੀਤ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਹਾਲਾਤ ਵਿਗਾੜ ਦੇਣਗੇ। ਉਨ੍ਹਾਂ ਕਿਹਾ ਕੇਜਰੀਵਾਲ ਕੋਲ ਕੋਈ ਰੋਡਮੈਪ ਨਹੀਂ ਹੈ, ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਖੁਦ ਵਾਅਦੇ ਕੀਤੇ ਹਨ ਤੇ ਹੁਣ ਪੈਸੇ ਮੰਗਣ ਕੇਂਦਰ ਸਰਕਾਰ ਕੋਲ ਆ ਗਏ ਹਨ। ਗਰੇਵਾਲ ਨੇ ਕਿਹਾ ਕੇਂਦਰ ਸਰਕਾਰ ਹਰ ਕਿਸੇ ਨੂੰ ਉਸ ਦਾ ਬਣਦਾ ਹੱਕ ਦਿੰਦੀ ਹੈ ਪਰ ਕੋਈ ਆਪਣੀ ਸਿਆਸੀ ਖਾਹਿਸ਼ ਲਈ ਵਾਅਦੇ ਕਰੇ ਤੇ ਫਿਰ ਕੇਂਦਰ ਸਰਕਾਰ ਕੋਲ ਜਾਵੇ, ਇਸ ਦਾ ਕੀ ਮਤਲਬ ਹੈ।

ਪੰਚਾਇਤਾਂ ਦੇ ਫੰਡ ਰੋਕਣ ਬਾਰੇ ਹਰਜੀਤ ਗਰੇਵਾਲ ਨੇ ਕਿਹਾ ਇਹ ਮੰਦਭਾਗਾ ਹੈ ਕਿ ਸਰਕਾਰ ਨੂੰ ਪੰਚਾਇਤਾਂ ਦਾ ਪੈਸਾ ਨਹੀਂ ਰੋਕਣਾ ਚਾਹੀਦਾ। ਇਸ ਨਾਲ ਪਿੰਡ ਦਾ ਵਿਕਾਸ ਰੁਕ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਪੰਜ ਰਾਜ ਸਭਾ ਸੀਟਾਂ 'ਤੇ ਬਾਹਰਲੇ ਉਮੀਦਵਾਰ ਭੇਜੇ ਜਾਣ ਬਾਰੇ ਗਰੇਵਾਲ ਨੇ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਦਾ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਬਕਾ ਮੰਤਰੀ ਪਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸੀ। ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਨੂੰ ਪੀਐਮ ਮੋਦੀ ਨਾਲ BSF ਦੀ ਸੀਮਾ ਘਟਾਉਣ ਬਾਰੇ ਗੱਲ ਕਰਨੀ ਚਾਹੀਦੀ ਸੀ। ਪਰਗਟ ਸਿੰਘ ਨੇ ਕਿਹਾ ਹੈ ਕਿ ਜਿੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਮਾਮਲਾ ਹੈ, ਕੇਂਦਰ ਤੋਂ ਪੈਕੇਜ ਦੀ ਮੰਗ ਕਰਨਾ ਕੋਈ ਨਵੀਂ ਗੱਲ ਨਹੀਂ ਪਰ ਨਾਲ ਹੀ ਭਗਵੰਤ ਮਾਨ ਨੂੰ ਬੀਐਸਐਫ ਦੀ ਸੀਮਾ ਘਟਾਉਣ ਬਾਰੇ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ।