Punjab News: ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਮੋਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਇਸ ਮੌਕੇ ਸੁਖਬੀਰ ਬਾਦਲ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਪੂਰੇ ਪੰਜਾਬ ਵਿੱਚ ਵਰਕਰਾਂ ਦੀ ਵੀ ਧਰ ਪਕੜ ਹੋਈ। ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਹੰਕਾਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਲਗਾਈ ਅਣਐਲਾਨੀ ਐਂਮਰਜੈਂਸੀ ! ਇਹ ਸਾਨੂੰ ਗ੍ਰਿਫਤਾਰ ਕਰਕੇ ਡਰਾ ਨਹੀਂ ਸਕਦੇ ! ਇੱਕ ਇੱਕ ਅਕਾਲੀ ਵਰਕਰ ਆਪ ਸਰਕਾਰ ਦੇ ਧੱਕੇ ਅੱਗੇ ਡੱਟ ਕੇ ਖੜੇਗਾ ਤੇ ਲੜਾਈ ਲੜੇਗਾ !ਭਗਵੰਤ ਮਾਨ ਦੀ ਬੌਖਲਾਹਟ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਬੁਲੰਦ ਹੌਂਸਲੇ ਦੇਖ ਘਬਰਾ ਗਿਆ ਹੈ

ਸੁਖਬੀਰ ਬਾਦਲ ਨੇ ਪੁਲਿਸ ਹਿਰਾਸਤ ਵਿੱਚੋਂ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ- ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੂਰੇ ਪੰਜਾਬ 'ਤੇ ਕਬਜ਼ਾ ਕਰ ਲਿਆ ਹੈ। ਕੇਜਰੀਵਾਲ ਅਕਾਲੀ ਦਲ ਅਤੇ ਇਸਦੇ ਵਰਕਰਾਂ ਤੋਂ ਇੰਨਾ ਡਰਿਆ ਹੋਇਆ ਹੈ ਕਿ ਅਕਾਲੀ ਦਲ ਦੇ ਆਗੂਆਂ ਨੂੰ ਸ਼ਹਿਰਾਂ ਤੇ ਪਿੰਡਾਂ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਕੈਦ ਕਰਕੇ ਰੱਖਿਆ ਗਿਆ ਹੈ।

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਇਕੱਠੇ ਹੋ ਕੇ ਪੰਜਾਬ ਨੂੰ ਕੇਜਰੀਵਾਲ ਤੋਂ ਆਜ਼ਾਦ ਕਰਵਾਉਣਾ ਪਵੇਗਾ। ਬਾਦਲ ਨੇ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਦਾ ਟੀਚਾ ਆਉਣ ਵਾਲੇ ਡੇਢ ਸਾਲਾਂ ਵਿੱਚ 10 ਹਜ਼ਾਰ ਕਰੋੜ ਇਕੱਠੇ ਕਰਨਾ ਹੈ ਪਰ ਅਸੀਂ ਅਕਾਲੀ ਦਲ ਦੇ ਵਰਕਰ ਅਜਿਹਾ ਨਹੀਂ ਹੋਣ ਦੇਵਾਂਗੇ।

ਦੱਸ ਦਈਏ ਕਿ ਹਾਲਾਤ ਵਿਗੜਦੇ ਦੇਖਦਿਆਂ ਮੋਹਾਲੀ ਅਦਾਲਤ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਅਤੇ ਫਾਇਰ ਬ੍ਰਿਗੇਡ ਤਾਇਨਾਤ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਸਦੇ ਘਰ ਤੋਂ ਫੜਿਆ ਗਿਆ ਸੀ। ਉਸ 'ਤੇ ਆਪਣੀ ਆਮਦਨ ਤੋਂ 540 ਕਰੋੜ ਰੁਪਏ ਵੱਧ ਜਾਇਦਾਦ ਰੱਖਣ ਦਾ ਦੋਸ਼ ਹੈ। ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਨੇ ਮਜੀਠੀਆ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ। ਜਿਸ ਤੋਂ ਬਾਅਦ ਅੱਜ ਉਸਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਵਿਜੀਲੈਂਸ ਨੇ ਕਿਹਾ ਕਿ ਮਜੀਠੀਆ ਸਹਿਯੋਗ ਨਹੀਂ ਕਰ ਰਿਹਾ, ਇਸ ਲਈ ਉਸਨੂੰ ਹੋਰ ਰਿਮਾਂਡ ਦਿੱਤਾ ਜਾਵੇ।

ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਪਾਲ ਚੀਮਾ ਨੇ ਅੱਗੇ ਕਿਹਾ ਕਿ ਅਕਾਲੀ ਦਲ ਨੇ ਅੱਜ ਤੱਕ ਕਦੇ ਵੀ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਕੀਤਾ। ਸਾਡੀ ਸਰਕਾਰ ਨੇ ਹਮੇਸ਼ਾ ਕਾਨੂੰਨ ਦੇ ਦਾਇਰੇ ਵਿੱਚ ਕੰਮ ਕੀਤਾ ਹੈ। ਅੱਜ ਅਕਾਲੀ ਦਲ ਅਦਾਲਤੀ ਪ੍ਰਕਿਰਿਆ ਵਿੱਚ ਵਿਘਨ ਪਾਉਣ ਅਤੇ ਪਰਿਵਾਰ ਨੂੰ ਬਚਾਉਣ ਲਈ ਧਰਨੇ ਦੇ ਰਿਹਾ ਹੈ।