ਬਰਨਾਲਾ: ਆਮ ਆਦਮੀ ਪਾਰਟੀ ਦੇ ਪ੍ਰਧਾਨ ਇੱਕ ਵਾਰ ਫਿਰ ਭਗਵੰਤ ਮਾਨ ਬਣਨ ਜਾ ਰਹੇ ਹਨ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਬਾਅਦ ਸਿਰਫ ਮਾਨ ਹੀ ਹਨ ਜੋ ਆਪਣੇ ਅਹੁਦੇ 'ਤੇ ਮੁੜ ਤੋਂ ਤਾਇਨਾਤ ਕੀਤੇ ਜਾ ਰਹੇ ਹਨ। ਮਾਨ ਨੇ ਪਿਛਲੇ ਸਾਲ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੇ ਜਾਣ 'ਤੇ ਦੁਖੀ ਹੋ ਕੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਦਾ ਸਪੱਸ਼ਟੀਕਰਨ ਉਹ ਭਲਕੇ ਦੇਣਗੇ।
ਦਰਅਸਲ, ਭਲਕੇ ਯਾਨੀ ਬੁੱਧਵਾਰ ਨੂੰ ਭਗਵੰਤ ਮਾਨ ਨੂੰ ਪੰਜਾਬ ਦਾ ਮੁੜ ਤੋਂ ਪ੍ਰਧਾਨ ਬਣਾਇਆ ਜਾਵੇਗਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਚੰਡੀਗੜ੍ਹ ਵਿੱਚ ਸਮਾਗਮ ਦੌਰਾਨ ਮਾਨ ਦੀ ਤਾਜਪੋਸ਼ੀ ਕਰਨਗੇ। ਇਸੇ ਸਮਾਗਮ ਦੌਰਾਨ ਮਾਨ ਆਪਣੇ ਅਸਤੀਫ਼ੇ ਬਾਰੇ ਖੁਲਾਸਾ ਕਰਨਗੇ।
ਇਹ ਵੀ ਪੜ੍ਹੋ- ਮਨੀਸ਼ ਸਿਸੋਦੀਆ ਭਲਕੇ ਕਰਨਗੇ ਭਗਵੰਤ ਮਾਨ ਦੀ ਤਾਜਪੋਸ਼ੀ
ਮਾਨ ਨੇ ਕਿਹਾ ਸੀ ਕਿ ਜਦ ਕੇਜਰੀਵਾਲ ਉਨ੍ਹਾਂ ਨੂੰ ਮਜੀਠੀਆ ਤੋਂ ਮੁਆਫ਼ੀ ਬਾਰੇ ਆਪਣਾ ਸਪੱਸ਼ਟੀਕਰਨ ਦੇ ਦੇਣਗੇ ਤਾਂ ਉਹ ਪ੍ਰਧਾਨ ਬਣਨ ਬਾਰੇ ਸੋਚ ਸਕਦੇ ਹਨ। ਪਾਰਟੀ ਵੱਲੋਂ ਐਲਾਨੇ ਜਾਣ ਤੋਂ ਬਾਅਦ ਤੈਅ ਹੈ ਕਿ ਮਾਨ ਨੂੰ ਕੇਜਰੀਵਾਲ ਨੇ ਸਪੱਸ਼ਟੀਕਰਨ ਦੇ ਦਿੱਤਾ ਹੈ। ਬਰਨਾਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਲਕੇ ਹੀ ਇਸ ਦਾ ਖੁਲਾਸਾ ਕਰਨਗੇ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਕੀ ਕਿਹਾ ਅਤੇ ਕਿਹੜੇ ਹਾਲਾਤ ਵਿੱਚ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ।
ਹਾਲਾਂਕਿ, ਮੁਆਫ਼ੀ ਸਮੇਂ 'ਆਪ' ਨੇ ਤਰਕ ਦਿੱਤਾ ਸੀ ਕਿ ਕੇਜਰੀਵਾਲ ਦਾ ਕਾਫੀ ਸਮਾਂ ਮਾਣਹਾਨੀ ਕੇਸਾਂ ਦੀ ਪੈਰਵੀ ਵਿੱਚ ਚਲਾ ਜਾਂਦਾ ਸੀ ਅਤੇ ਉਹ ਸਾਰਿਆਂ ਤੋਂ ਮੁਆਫ਼ੀ ਮੰਗ ਕੇ ਇਨ੍ਹਾਂ ਮਾਮਲਿਆਂ ਨੂੰ ਹੀ ਬੰਦ ਕਰਨਾ ਚਾਹੁੰਦੇ ਹਨ। ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਜਨਤਕ ਮੰਚਾਂ ਤੋਂ ਬਿਕਰਮ ਮਜੀਠੀਆ 'ਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਸਨ, ਜਿਸ ਕਾਰਨ ਮਜੀਠੀਆ ਨੇ ਕੇਜਰੀਵਾਲ 'ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਸੀ, ਜੋ ਮੁਆਫ਼ੀ ਮਗਰੋਂ ਖ਼ਤਮ ਹੋ ਗਿਆ। ਹੁਣ ਦੇਖਣਾ ਹੋਵੇਗਾ ਕਿ ਕੀ ਕੇਜਰੀਵਾਲ ਨੇ ਮਾਨ ਨੂੰ ਕਿਹੜਾ ਸਪੱਸ਼ਟੀਕਰਨ ਦਿੱਤਾ ਹੈ, ਜਿਸ ਤੋਂ ਸੰਤੁਸ਼ਟ ਹੋ ਕੇ ਉਹ ਮੁੜ ਆਪਣੇ ਅਹੁਦੇ 'ਤੇ ਕਾਇਮ ਹੋਣ ਜਾ ਰਹੇ ਹਨ।