Punjab News: ਪੰਜਾਬ ਦੇ ਵਿੱਚ ਗ੍ਰੇਨੇਡ ਹਮਲਿਆਂ ਦਾ ਖੌਫ ਵੱਧਦਾ ਹੀ ਜਾ ਰਿਹਾ ਹੈ। ਹੁਣ ਪੰਜਾਬ ਵਿੱਚ BJP ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਗ੍ਰੇਨੇਡ ਵਰਗੀ ਸਮੱਗਰੀ ਸੁੱਟ ਕੇ ਧਮਾਕਾ ਕੀਤਾ ਗਿਆ। ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ। ਜਦੋਂ ਇਹ ਖਬਰ ਸਾਹਮਣੇ ਆਈ ਤਾਂ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਅਤੇ ਸੂਬਾ ਸਰਕਾਰ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ ?

ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਸ਼੍ਰੀ ਮਨੋਰੰਜਨ ਕਾਲੀਆ ਜੀ ਦੇ ਘਰ 'ਤੇ ਗ੍ਰਨੇਡ ਹਮਲਾ ਪੰਜਾਬ ਦੀ ਸ਼ਾਂਤੀ ਨੂੰ ਤਬਾਹ ਕਰਨ ਅਤੇ ਫਿਰਕੂ ਅਸ਼ਾਂਤੀ ਭੜਕਾਉਣ ਦੀ ਇੱਕ ਖ਼ਤਰਨਾਕ ਸਾਜ਼ਿਸ਼ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਹੀ ਤਾਕਤਾਂ ਨੇ ਇੱਕ ਪੂਜਾ ਸਥਾਨ 'ਤੇ ਹਮਲਾ ਕੀਤਾ ਹੈ ਅਤੇ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦਾ ਹੈ ਅਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਆਪਣੀ ਡਿਊਟੀ ਨਿਭਾਉਣ ਅਤੇ ਪੰਜਾਬ ਵਿੱਚ ਕਾਨੂੰਨ ਦਾ ਰਾਜ ਬਹਾਲ ਕਰਨ ਜਾਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ।

ਬਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ ?

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਭਾਜਪਾ ਆਗੂ  ਮਨੋਰੰਜਨ ਕਾਲੀਆ ਜੀ ਨਾਲ ਗੱਲਬਾਤ ਕਰ ਰਾਤ ਹੋਏ ਗ੍ਰੈਨੇਡ ਹਮਲੇ ਬਾਰੇ ਜਾਣਕਾਰੀ ਲਈ ਤੇ ਉਹਨਾਂ ਦਾ ਹਾਲ ਚਾਲ ਜਾਣਿਆ। ਕਾਲੀਆ ਜੀ ਨੇ ਦੱਸਿਆ ਕਿ ਕਿਵੇਂ E-RICKSHAW 'ਤੇ ਆ ਹਮਲਾਵਰ ਬੇਖੌਫ਼ ਹੋ ਰਾਤ ਦੇ 1 ਵਜੇ ਗ੍ਰੈਨੇਡ ਨਾਲ ਹਮਲਾ ਕਰਦੇ ਹਨ। ਮਜੀਠੀਆ ਨੇ ਕਿਹਾ ਕਿ ਪੁਲਿਸ ਚੌਂਕੀ ਦੇ 100 ਮੀਟਰ ਦੂਰ ਇੰਜ ਬੇਖੌਫ਼ ਹਮਲਾਵਰਾਂ ਦਾ ਘੁੰਮਣਾ ਪੰਜਾਬ ਦੇ ਜੰਗਲ ਰਾਜ ਦੀ ਕਹਾਣੀ ਬਿਆਨ ਕਰਦਾ ਹੈ। ਭਗਵੰਤ ਮਾਨ ਜੀ ਪੰਜਾਬ ਸਰਹੱਦੀ ਸੂਬਾ ਹੈ ਇਸ ਦੀ ਭਾਈਚਾਰਕ ਸਾਂਝ ਅਤੇ ਕਾਨੂੰਨ ਵਿਵਸਥਾ ਦਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ। ਮੌਕੇ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਤੁਰੰਤ ਅਸਤੀਫ਼ਾ ਦਿਓ ਕਿਉਂਕਿ ਤੁਸੀਂ ਪੰਜਾਬ ਨੂੰ ਸੰਭਾਲਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹੋ।

ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ?

ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਧਮਾਕੇ ਨੂੰ ਗ੍ਰੇਨੇਡ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਥਾਣਿਆਂ ਅਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਤੇ ਬੁੱਤਾਂ ਤੇ ਹਮਲੇ ਹੋ ਰਹੇ ਸਨ, ਹੁਣ ਤਾਂ ਹਮਲਾਵਰਾਂ ਨੇ ਭਾਜਪਾ ਆਗੂ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿਚ ਅਸਫਲ ਰਹਿ ਰਹੇ ਹਨ ਜਿਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।