ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਨਿੱਤ ਵੱਡੇ ਫੈਸਲੇ ਲੈ ਰਹੀ ਹੈ ਜਿਸ ਦੀ ਨਤਾ ਵੱਲੋਂ ਸ਼ਲਾਘਾ ਵੀ ਖੂਬ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਸੰਭਾਲਦਿਆਂ ਹੀ ਭ੍ਰਿਸ਼ਟਾਚਾਰ ਦੇ ਖਾਤਮੇ ਤੇ 25000 ਨੌਕਰੀਆਂ ਦੇਣ ਦੇ ਐਲਾਨ ਮਗਰੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ ਜਾਂਚ ਲਈ ਨਵੀਂ ਸਿੱਟ ਬਣਾ ਦਿੱਤੀ ਹੈ। ਅਗਲੇ ਦਿਨਾਂ ਵਿੱਚ ਭਗਵੰਤ ਮਾਨ ਇੱਕ ਹੋਰ ਵੱਡਾ ਫੈਸਲਾ ਲੈਣ ਜਾ ਰਹੇ ਹਨ ਜਿਸ ਦਾ ਸੇਕ ਸਿਆਸਤਦਾਨਾਂ ਨੂੰ ਲੱਗੇਗਾ।

ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਸਬੰਧੀ ਫ਼ੈਸਲਾ ਲੈਣ ਜਾ ਰਹੀ ਹੈ। ਇਸ ਬਾਰੇ ਅਜੇ ਕਿਸੇ ਅਧਿਕਾਰੀ ਤਾਂ ਮੰਤਰੀ ਨੇ ਪੁਸ਼ਟੀ ਨਹੀਂ ਕੀਤਾ ਪਰ ਪਤਾ ਲੱਗਾ ਹੈ ਕਿ ਇਸ ਬਾਰੇ ਕੰਮ ਸ਼ੁਰੂ ਹੋ ਗਿਆ ਹੈ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਸਾਬਕਾ ਵਿਧਾਇਕਾਂ ਨੂੰ ਹਰ ਟਰਮ ਦੀ ਮਿਲਦੀ ਵਾਧੂ ਪੈਨਸ਼ਨ ਬੰਦ ਕੀਤੀ ਜਾ ਸਕਦੀ ਹੈ।

ਸੂਤਰਾਂ ਅਨੁਸਾਰ ਇੱਕ ਵਾਰੀ ਵਿਧਾਇਕ ਰਹਿਣ ਵਾਲੇ ਨੂੰ ਪੰਜਾਬ ’ਚ 75,150 ਰੁਪਏ ਪੈਨਸ਼ਨ ਮਿਲਦੀ ਹੈ। ਜੇਕਰ ਕੋਈ ਦੋ ਵਾਰ ਵਿਧਾਇਕ ਰਹਿ ਜਾਂਦਾ ਹੈ ਤਾਂ ਉਸ ਨੂੰ 1.25 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਹਰ ਇੱਕ ਟਰਮ ਵਿਚ 50 ਹਜ਼ਾਰ ਰੁਪਏ ਦਾ ਵਾਧਾ ਜੁੜਦਾ ਹੈ ਜੋ ਕਰੀਬ 66 ਫ਼ੀਸਦੀ ਬਣਦਾ ਹੈ। ਬੇਸ਼ੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਹ 10 ਵਾਰੀ ਵਿਧਾਇਕ ਰਹੇ ਹੋਣ ਕਰਕੇ 5.25 ਲੱਖ ਰੁਪਏ ਦੀ ਪੈਨਸ਼ਨ ਦੇ ਹੱਕਦਾਰ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਆਪ’ ਸਰਕਾਰ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਸਾਬਕਾ ਜਾਂ ਮੌਜੂਦਾ ਵਿਧਾਇਕਾਂ ’ਤੇ ਲਾਗੂ ਕਰਨ ਸਬੰਧੀ ਵਿਚਾਰ ਚਰਚਾ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਹ ਫ਼ੈਸਲੇ ਸਿਰੇ ਚਾੜ੍ਹਦੇ ਹਨ ਤਾਂ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ ਸਾਹ ਆਵੇਗਾ। ਦੱਸ ਦਈਏ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਇਸ ਦੀ ਵਕਾਲਤ ਕਰਦੀ ਆ ਰਹੀ ਹੈ। ‘ਆਪ’ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਫ਼ਦ ਨੇ 17 ਅਗਸਤ 2021 ਨੂੰ ਪੰਜਾਬ ਵਿਧਾਨ ਸਭਾ ਦੇ ਤਤਕਾਲੀ ਸਪੀਕਰ ਨੂੰ ਮੰਗ ਪੱਤਰ ਦੇ ਕੇ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇੱਕ ਪੈਨਸ਼ਨ ਦੇਣ ਦੀ ਮੰਗ ਕੀਤੀ ਸੀ।