ਚੰਡੀਗੜ੍ਹ, 13 ਜੁਲਾਈ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਹੱਕੀ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਤਿੱਖੀ ਆਲੋਚਨਾ ਕੀਤੀ ਹੈ। ਇੱਥੇ ਸਖ਼ਤ ਸਬਦਾਂ ਵਿੱਚ ਜਾਰੀ ਇੱਕ ਬਿਆਨ ਰਾਹੀ ਸ਼ੇਰਗਿੱਲ ਨੇ ਕਿਹਾ ਕਿ ਜਦੋਂ ਤੋਂ ‘ਆਪ’ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਹੈ, ਸੂਬੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਕਿਸਾਨ, ਅਧਿਆਪਕ, ਬੇਰੁਜ਼ਗਾਰ ਨੌਜਵਾਨ, ਪਿੰਡ ਵਾਸੀ, ਡਾਕਟਰ ਅਤੇ ਸਨਅਤਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਾ ਦੇਣ ਕਾਰਨ ਆਇਸ਼ੋ ਅਰਾਮ ਪਾਰਟੀ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ-ਪ੍ਰਦਰਸ਼ਨ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ 'ਤੇ ਚੁਟਕੀ ਲੈਂਦਿਆਂ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਮਾਨ ਨੇ ਸਪੱਸ਼ਟ ਤੌਰ 'ਤੇ ਪੰਜਾਬ ਨੂੰ 'ਧਰਨਾ ਮੁਕਤ' ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੀਆਂ ਧੋਖੇਬਾਜ਼ੀਆਂ ਅਤੇ ਕੁਸ਼ਾਸਨ ਦੀਆਂ ਨੀਤੀਆਂ ਕਾਰਨ 'ਆਪ' ਸਰਕਾਰ ਨੇ ਪੰਜਾਬ ਨੂੰ ਧਰਨਾ ਯੁਕਤ ਸੂਬੇ 'ਚ ਤਬਦੀਲ ਕਰ ਦਿੱਤਾ ਹੈ। ਸ਼ੇਰਗਿੱਲ ਜੋ ਕਿ ਪੰਜਾਬ ਭਾਜਪਾ ਦੇ ਪਰਮਾਨੇਂਟ ਇਨਵਾਇਟੀ ਮੈਂਬਰ ਵੀ ਹਨ, ਨੇ ਕਿਹਾ ਕਿ ਇਸ ਤੋਂ ਵੀ ਸ਼ਰਮਨਾਕ ਗੱਲ ਇਹ ਹੈ ਕਿ ਉਹ ਧਰਨਾਕਾਰੀਆਂ ਦੇ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਬੇਹੱਦ ਅਸੰਵੇਦਨਸ਼ੀਲ ਬਿਆਨ ਦੇ ਰਹੇ ਹਨ।
ਸ਼ੇਰਗਿੱਲ ਨੇ ਖੁਲਾਸਾ ਕੀਤਾ ਕਿ ਕੁਝ ਸਮਾਂ ਪਹਿਲਾਂ ਮਾਨ ਨੇ ਕਿਸਾਨਾਂ ਦੇ ਸਬੰਧ 'ਚ ਕਿਹਾ ਸੀ ਕਿ ਕਿਸਾਨ ਜਥੇਬੰਦੀਆਂ ਬਿਨਾਂ ਵਜ੍ਹਾ ਧਰਨੇ 'ਤੇ ਬੈਠ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਧਰਨੇ ਦਾ ਕਾਰਨ ਲੱਭਦੇ ਸਨ ਤੇ ਹੁਣ ਧਰਨੇ ਲਈ ਥਾਂ ਲੱਭਦੇ ਹਨ। ਸ਼ੇਰਗਿੱਲ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਮਾਨ ਨੂੰ ਯਾਦ ਦਿਵਾਉਂਦੀਆਂ ਕਿਹਾ ਕਿ ਉਹ ਇਹ ਨਾ ਭੁੱਲਣ ਕਿ ਆਪ ਵੀ ਧਰਨਿਆਂ ਵਿਚੋਂ ਹੀ ਪੈਦਾ ਹੋਈ ਹੈ।
ਸ਼ੇਰਗਿੱਲ ਨੇ 'ਆਪ' ਸਰਕਾਰ ਦੇ ਘਟੀਆ ਕੰਮਕਾਜ 'ਤੇ ਭਾਰੀ ਨਿਰਾਸ਼ਾ ਜ਼ਾਹਰ ਕਰਦਿਆਂ 'ਆਪ' ਸਰਕਾਰ ਨੂੰ ਪੂਰੀ ਤਰ੍ਹਾਂ ਲੋਕ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸੱਤਾ ਦੀ ਕੁਰਸੀ 'ਤੇ ਬੈਠੇ ਲੋਕ ਇੰਨੇ ਤਾਨਾਸ਼ਾਹ ਹੋ ਗਏ ਹਨ ਕਿ ਉਹ ਸ਼ਾਂਤਮਈ ਵਿਰੋਧ-ਪ੍ਰਦਰਸ਼ਨ ਵੀ ਨਹੀਂ ਹੋਣ ਦੇ ਰਹੇ। ਹਾਲ ਹੀ ਵਿੱਚ 1 ਜੁਲਾਈ ਨੂੰ ਸੰਗਰੂਰ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਗਿਆ ਸੀ, ਜੋ ਸਿਰਫ਼ ਸਰਕਾਰ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 'ਆਪ' ਸਰਕਾਰ ਹਰ ਉਸ ਵਿਅਕਤੀ ਦੀ ਆਵਾਜ਼ ਨੂੰ ਦਬਾ ਰਹੀ ਹੈ, ਜੋ ਇਸਦੇ ਗਲਤ ਕੰਮਾਂ ਦੀ ਆਲੋਚਨਾ ਕਰਦਾ ਹੈ ਅਤੇ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਖੋਹ ਲਿਆ ਹੈ।
ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਵੀ ‘ਆਪ’ ਸਰਕਾਰ ਖ਼ਿਲਾਫ਼ ਖੜ੍ਹੇ ਹਨ ਅਤੇ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਹੋਰ ਮੁੱਦਿਆਂ ਤੋਂ ਇਲਾਵਾ, ਧਰਨਾਕਾਰੀ ਕਿਸਾਨ ਪੰਜਾਬ ਦੇ ਹਰ ਖੇਤ ਲਈ ਨਹਿਰੀ ਪਾਣੀ ਅਤੇ 'ਆਪ' ਸਰਕਾਰ ਵੱਲੋਂ ਉਨ੍ਹਾਂ ਦੇ ਆਗੂ 'ਤੇ ਦਰਜ ਕੀਤੇ ਕੇਸ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ। ਸ਼ੇਰਗਿੱਲ ਨੇ ਕਿਹਾ ਕਿ ਸਰਕਾਰ ਦੀ ਪੂਰੀ ਨਾਕਾਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੁਧਿਆਣਾ ਨਗਰ ਨਿਗਮ ਦੇ ਸੀਵਰੇਜ ਅਤੇ ਸੈਨੀਟੇਸ਼ਨ ਵਰਕਰਾਂ ਨੇ ਹਾਲ ਹੀ ਵਿੱਚ ਤਨਖ਼ਾਹਾਂ ਵਿੱਚ ਹੋ ਰਹੀ ਦੇਰੀ ਕਾਰਨ ਰੋਸ ਪ੍ਰਦਰਸ਼ਨ ਕੀਤਾ ਸੀ, ਜੋ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕਰਦਾ ਹੈ ਕਿ ਸੂਬੇ ਦੀ ਆਰਥਿਕਤਾ ਦੀ ਸਿਹਤ ਠੀਕ ਹੈ।
ਹਾਲ ਹੀ ਵਿੱਚ ਹੋਈ ਬਾਰਸ਼ ਦਾ ਜ਼ਿਕਰ ਕਰਦਿਆਂ, ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ, ਜਿਸ ਕਾਰਨ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਹ ਕੌੜਾ ਸੱਚ ਹੈ ਕਿ 'ਆਪ' ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਅਤੇ ਹੁਣ ਲੋਕਾਂ 'ਚ ਰੋਸ ਦੀ ਲਹਿਰ ਹੈ ਅਤੇ ਤੁਹਾਡੇ ਚੁਣੇ ਹੋਏ ਨੁਮਾਇੰਦਿਆਂ ਦਾ ਘਿਰਾਓ ਇਸ ਗੱਲ ਦਾ ਪ੍ਰਮਾਣ ਹੈ।