Bhagwant Mann: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਰਾਜਨੀਤਿਕ ਤਾਪਮਾਨ ਸਿਖਰ 'ਤੇ ਹੈ। ਵੋਟਿੰਗ 5 ਫਰਵਰੀ ਨੂੰ ਹੋਣੀ ਹੈ। ਇਸ ਤੋਂ ਪਹਿਲਾਂ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ (ਕਪੂਰਥਲਾ ਹਾਊਸ) 'ਤੇ ਛਾਪਾ ਮਾਰਿਆ ਗਿਆ ਸੀ। ਇਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ 'ਚ ਬੀਜੇਪੀ ਵਾਲੇ ਸ਼ਰ੍ਹੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁੱਝ ਵੀ ਨਹੀਂ ਦਿਖ ਰਿਹਾ। ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋਕਿ ਬਹੁਤ ਹੀ ਨਿੰਦਣਯੋਗ ਹੈ।
ਜ਼ਿਕਰ ਕਰ ਦਈਏ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਛਾਪੇਮਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦਿਖਾਈ ਨਹੀਂ ਦੇ ਰਿਹਾ ਕਿ ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ। ਇਸ ਦੀ ਬਜਾਏ, ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ 'ਤੇ ਛਾਪਾ ਮਾਰਨ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ 5 ਫਰਵਰੀ ਨੂੰ ਭਾਜਪਾ ਨੂੰ ਜਵਾਬ ਦੇਣਗੇ।
ਇਸ ਦੌਰਾਨ, ਇੱਕ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ cVIGIL ਪੋਰਟਲ ਰਾਹੀਂ ਇੱਕ ਸ਼ਿਕਾਇਤ ਮਿਲੀ ਹੈ ਕਿ ਇੱਥੋਂ ਨਕਦੀ ਵੰਡੀ ਜਾ ਰਹੀ ਹੈ। ਇਸੇ ਲਈ ਉਹ ਜਾਂਚ ਲਈ ਆਏ ਹਨ। ਇਸ ਵੇਲੇ ਪੰਜਾਬ ਦੇ ਡੀਆਈਜੀ ਤੋਂ ਅੰਦਰ ਜਾਣ ਦੀ ਇਜਾਜ਼ਤ ਲਈ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਸਥਿਤ ਘਰ ਕਪੂਰਥਲਾ ਹਾਊਸ ਹੈ।
ਰਿਟਰਨਿੰਗ ਅਫਸਰ ਨੇ ਕਿਹਾ ਕਿ cVIGIL ਐਪ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਕੋਈ ਵੀ ਨਾਗਰਿਕ ਆਦਰਸ਼ ਚੋਣ ਜ਼ਾਬਤੇ ਦੀਆਂ ਕਥਿਤ ਉਲੰਘਣਾਵਾਂ ਦੀ ਰਿਪੋਰਟ ਕਰ ਸਕਦਾ ਹੈ। ਸਟੈਂਡਰਡ ਪ੍ਰੋਟੋਕੋਲ ਦੇ ਅਨੁਸਾਰ, ਕਪੂਰਥਲਾ ਹਾਊਸ ਦੇ ਨੇੜੇ ਤਾਇਨਾਤ ਨਵੀਂ ਦਿੱਲੀ ਫਲਾਇੰਗ ਸਕੁਐਡ ਟੀਮ ਨੂੰ ਜਾਂਚ ਕਰਨ ਤੇ ਢੁਕਵੀਂ ਕਾਰਵਾਈ ਕਰਨ ਅਤੇ 100 ਮਿੰਟ ਦੇ ਨਿਰਧਾਰਤ ਸਮੇਂ ਦੇ ਅੰਦਰ ਇਸਨੂੰ ਬੰਦ ਕਰਨ ਦਾ ਕੰਮ ਸੌਂਪਿਆ ਗਿਆ ਸੀ। ਸ਼ਿਕਾਇਤ ਮਿਲਣ 'ਤੇ, ਫਲਾਇੰਗ ਸਕੁਐਡ ਟੀਮ ਤੁਰੰਤ ਕਪੂਰਥਲਾ ਹਾਊਸ ਵਿਖੇ ਕਥਿਤ ਉਲੰਘਣਾ ਵਾਲੀ ਥਾਂ 'ਤੇ ਪਹੁੰਚ ਗਈ। ਹਾਲਾਂਕਿ, ਸੁਰੱਖਿਆ ਕਰਮਚਾਰੀ ਫਲਾਇੰਗ ਸਕੁਐਡ ਟੀਮ ਨੂੰ ਅਹਾਤੇ ਵਿੱਚ ਦਾਖਲ ਨਹੀਂ ਹੋਣ ਦੇ ਰਹੇ ਹਨ।