ਚੰਡੀਗੜ੍ਹ: ਬਰਤਾਨਵੀ ਸਾਮਰਾਜੀ ਹਕੂਮਤ ਦੇ ਗੁਲਾਮੀ ਜੂਲੇ ਤੋਂ ਪੂਰੀ ਭਾਰਤੀ ਕੌਮ ਦੀ ਖਰੀ ਆਜ਼ਾਦੀ ਲਈ ਜਾਨ ਸਮੇਤ ਸਭ ਕੁਝ ਕੁਰਬਾਨ ਕਰਨ ਦੇ ਇਰਾਦੇ ਧਾਰ ਕੇ ਗ਼ਦਰ ਲਹਿਰ ਵਿੱਚ ਕੁੱਦਣ ਵਾਲੇ ਅਤੇ ਸ਼ਹੀਦੀਆਂ ਪਾਉਣ ਵਾਲੇ ਸੰਗਰਾਮੀਆਂ ‘ਚੋਂ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਣੇ ਉਨ੍ਹਾਂ ਦੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰਸਿੰਘ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ ਅਤੇ ਸੁਰੈਣ ਸਿੰਘ ਛੋਟਾ 7 ਗ਼ਦਰੀਆਂ ਦਾ 107ਵਾਂ ਸ਼ਹੀਦੀ ਦਿਹਾੜਾ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਿੰਡ ਸਰਾਭਾ ਵਿਖੇ ਸ਼ਰਧਾ, ਉਤਸ਼ਾਹ ਤੇ ਜੋਸ਼ ਨਾਲ਼ ਵੱਡੀ ਪੱਧਰ ‘ਤੇ ਮਨਾਇਆ ਗਿਆ। 


ਸਟੇਜ ਦੀ ਸ਼ੁਰੂਆਤ ਦਹਿ ਹਜ਼ਾਰਾਂ ਦੀ ਗਿਣਤੀ ‘ਚ ਜੁੜੇ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਵੱਲੋਂ ਖੜੋ ਕੇ ਦੋ ਮਿੰਟ ਦਾ ਮੌਨ ਧਾਰਨ ਰਾਹੀਂ ਗ਼ਦਰੀ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦੀ ਜੈ ਜੈਕਾਰ ਕਰਕੇ ਕੀਤੀ ਗਈ।


ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਭ ਤੋਂ ਛੋਟੀ ਉਮਰ ਦੇ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਅਮਰੀਕਾ ਦੀ ਪੜ੍ਹਾਈ ਵਿੱਚੇ ਛੱਡ ਕੇ ਸਿਰਫ਼ ਢਾਈ ਤਿੰਨ ਸਾਲ ਦੀ ਰਾਜਨੀਤਕ ਜ਼ਿੰਦਗੀ ਵਿੱਚ ਹੀ ਆਜ਼ਾਦੀ ਲਈ ਗ਼ਦਰ ਦੇ ਹਰ ਪੱਖ ਬਾਰੇ ਗਹਿਰੀ ਸੋਝੀ, ਦਿਨੇ ਰਾਤ ਮਸ਼ੱਕਤ ਅਤੇ ਸਿਰੇ ਦੀ ਬੇਖੌਫ਼ ਆਪਾਵਾਰੂ ਭਾਵਨਾ ਬਾਰੇ ਠੋਸ ਮਿਸਾਲਾਂ ਪੇਸ਼ ਕੀਤੀਆਂ।


ਉਨ੍ਹਾਂ ਸੱਦਾ ਦਿੱਤਾ ਕਿ ਅੱਜ ਦੇ ਭਾਰਤੀ ਹੁਕਮਰਾਨਾਂ ਵੱਲੋਂ ਉਸੇ ਤਰ੍ਹਾਂ ਦੇ ਸਰਬਵਿਆਪੀ ਸਾਮਰਾਜੀ ਹੱਲਿਆਂ ਤੋਂ ਮੁਕਤੀ ਪਾਉਣ ਲਈ ਪੀੜਤ ਸਭਨਾਂ ਕਿਰਤੀ ਲੋਕਾਂ ਦੀ ਗ਼ਦਰ ਲਹਿਰ ਦੀ ਵਿਚਾਰਧਾਰਾ ਵਾਲ਼ੀ ਵਿਸ਼ਾਲ ਸੰਘਰਸ਼-ਲਹਿਰ ਉਸਾਰਨ ਲਈ ਦਿਨ ਰਾਤ ਇੱਕ ਕੀਤਾ ਜਾਵੇ।
26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਐੱਮ ਐੱਸ ਪੀ ਸਮੇਤ ਭਖਦੇ ਕਿਸਾਨੀ ਮਸਲਿਆਂ ਦਾ ਮੰਗ ਪੱਤਰ ਗਵਰਨਰ ਪੰਜਾਬ ਨੂੰ ਸੌਂਪਣ ਲਈ ਵਿਸ਼ਾਲ ਤੋਂ ਵਿਸ਼ਾਲ ਇਕੱਠ ਕੀਤਾ ਜਾਵੇ। ਪੂਰੇ ਭਾਰਤ ਵਿੱਚ ਪੰਜਾਬ ਵਰਗੀ ਕਿਸਾਨ ਲਹਿਰ ਉਸਾਰਨ ਲਈ ਗਦਰੀ ਬਾਬਿਆਂ ਵਰਗੀ ਖਰੀ ਲੋਕ ਪੱਖੀ ਵਿਚਾਰਧਾਰਾ ਅਤੇ ਆਪਾਵਾਰੂ ਸਿਦਕ ਸਿਰੜ ਪੈਦਾ ਕੀਤਾ ਜਾਵੇ। 


ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਦੋਂ ਅੰਗਰੇਜ਼ ਸਾਮਰਾਜੀਆਂ ਵੱਲੋਂ ਗੁਲਾਮ ਬਣਾਏ ਕਰੋੜਾਂ ਭਾਰਤੀਆਂ ਦੀ ਕਿਰਤ ਦੀ ਅੰਨ੍ਹੀ ਲੁੱਟ ਕਾਰਨ ਵਾਰ ਵਾਰ ਪੈਂਦੇ ਅੰਨ ਦੇ ਕਾਲ ਅਤੇ ਰੋਗ-ਮਹਾਂਮਾਰੀਆਂ ਕਾਰਨ ਪ੍ਰਤੀ ਸਾਲ ਲੱਖਾਂ ਭਾਰਤੀ ਮੌਤ ਦੇ ਮੂੰਹ ਜਾ ਪੈਂਦੇ ਸਨ।ਭਾਰੀ ਸੂਦਖੋਰ ਕਰਜ਼ਿਆਂ ਬਦਲੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਹੱਥ ਧੋਣੇ ਪੈ ਰਹੇ ਸਨ। ਇਸ ਗੁਲਾਮੀ ਦਾ ਫਸਤਾ ਵੱਢਣ ਲਈ ਨਿੱਤਰਦੇ ਲੋਕਾਂ ਦੇ ਕਤਲੇਆਮ ਰਚਾਏ ਜਾਂਦੇ ਸਨ। ਭੁੱਖਾਂ ਦੁੱਖਾਂ ਦੇ ਸਤਾਏ ਲੋਕ ਅਮਰੀਕਾ ਕੈਨੇਡਾ ਆਦਿ ਬਦੇਸ਼ਾਂ ਵੱਲ ਪਰਵਾਸ ਲਈ ਮਜਬੂਰ ਹੋ ਰਹੇ ਸਨ।


ਉੱਥੇ ਜਾ ਕੇ ਵੀ ਅਨੇਕਾਂ ਕਿਸਮ ਦੀਆਂ ਜਲਾਲਤਾਂ ਝੱਲਣੀਆਂ ਪਈਆਂ ਤਾਂ ਇਨ੍ਹਾਂ ਸ਼ਹੀਦਾਂ ਵਰਗੇ ਹਜ਼ਾਰਾਂ ਸੂਝਵਾਨ ਭਾਰਤੀ ਗਦਰ ਪਾਰਟੀ ਜਥੇਬੰਦ ਕਰਕੇ ਸਾਮਰਾਜੀ ਗੁਲਾਮੀ ਵਿਰੁੱਧ ਆਪਾਵਾਰੂ ਗ਼ਦਰ ਲਹਿਰ ਉਸਾਰਨ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਵਾਪਸ ਆਏ। 
ਇਹ ਲਹਿਰ ਧਰਮ ਨਿਰਪੱਖ ਅਤੇ ਜਾਤਪਾਤ ਇਲਾਕਾਪ੍ਰਸਤੀ ਛੂਤ ਛਾਤ ਤੋਂ ਪੂਰੀ ਤਰ੍ਹਾਂ ਨਿਰਲੇਪ ਸੀ। ਦਰਜਨਾਂ ਫਾਂਸੀਆਂ, ਸੈਂਕੜੇ ਉਮਰ ਕੈਦਾਂ ਕਾਲ਼ੇ ਪਾਣੀਆਂ ਦੇ ਦੇਸ਼ ਨਿਕਾਲੇ ਝੱਲ ਕੇ ਵੀ ਭੋਰਾ ਭਰ ਨਹੀਂ ਲਿਫੇ।