ਚੰਡੀਗੜ੍ਹ: ਭਾਰੀ ਬਾਰਸ਼ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਭਾਖੜਾ ਡੈਮ ਦੇ ਚਾਰ ਗੇਟ ਖੋਲ੍ਹੇ ਗਏ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਚੈਅਰਮੈਨ ਡੀਕੇ ਸ਼ਰਮਾ ਨੇ ਕਿਹਾ ਕਿ ਡੈਮ ਤੋਂ 19 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਪਰ ਇਸ ਪਾਣੀ ਨਾਲ ਪੰਜਾਬ ਦੇ ਇਲਾਕਿਆਂ ਵਿੱਚ ਹੜ੍ਹ ਆਉਣ ਦਾ ਖ਼ਤਰਾ ਨਹੀਂ ਹੈ।
ਸ਼ਰਮਾ ਨੇ ਦੱਸਿਆ ਕਿ ਬੋਰਡ ਮੀਟਿੰਗ ਕਰਨ ਬਾਅਦ ਹੀ ਬਿਨਾ ਕਿਸੇ ਖ਼ਤਰੇ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਭਾਖੜਾ ਵਿੱਚ ਬਾਰਸ਼ ਦਾ ਪਾਣੀ ਜਮ੍ਹਾ ਹੋ ਰਿਹਾ ਹੈ, ਉਸ ਨੂੰ ਦੇਖਦਿਆਂ ਖ਼ਤਰੇ ਦਾ ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ।
ਸ਼ਰਮਾ ਨੇ ਕਿਹਾ ਕਿ ਸਥਿਤੀ ਨੂੰ ਵੇਖਦਿਆਂ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਅਲਰਟ ਭੇਜ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦੀ ਸਥਿਤੀ ਨਾਲ ਨਜਿੱਠਣ ਲਈ ਉਹ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨ ਜਦੋਂ ਬਾਰਸ਼ ਜ਼ਿਆਦਾ ਹੈ ਤਾਂ ਭਾਖੜਾ ਦੇ ਫਲੱਡ ਗੇਟ ਬੰਦ ਕੀਤੇ ਜਾਣਗੇ ਤਾਂ ਕਿ ਬਾਰਸ਼ ਦੇ ਪਾਣੀ ਨਾਲ ਭਾਖੜਾ ਤੋਂ ਛੱਡੇ ਪਾਣੀ ਨਾਲ ਹੜ੍ਹ ਦੀ ਸਥਿਤੀ ਨਾ ਬਣੇ।