ਲੁਧਿਆਣਾ: ਅਗਨੀਪਥ ਸਕੀਮ ਦੇ ਵਿਰੋਧ ਨੂੰ ਲੈ ਕੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬ ਵੀ ਹਾਈ ਅਲਰਟ ਤੇ ਹੈ। ਇਸ ਦੇ ਮੱਦੇਨਜ਼ਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਅਤੇ ਹੋਰ ਬੱਸ ਸਟੈਂਡ, ਮੁੱਖ ਚੌਂਕ ਜਗਰਾਉਂ ਪੁਲ, ਫੌਜ ਭਰਤੀ ਕੇਂਦਰ ਵਿਖੇ ਭਾਰੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਹਨ।
ਪੁਲਿਸ ਵੱਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਅੱਜ ਪੰਜਾਬ ਦੀ ਵਿੱਚ ਵੀ ਅਗਨੀਪਥ ਸਕੀਮ ਦੇ ਵਿਰੋਧ ਨੂੰ ਲੈ ਕੇ ਹਾਈ ਅਲਰਟ ਜਾਰੀ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਲੁਧਿਆਣਾ ਰੇਲਵੇ ਸਟੇਸ਼ਨ ਅਤੇ ਖਾਸ ਤੌਰ 'ਤੇ ਸੁਰੱਖਿਆ ਵਧਾਈ ਗਈ ਹੈ ਕਿਉਂਕਿ ਬੀਤੇ ਦਿਨੀਂ ਰੇਲਵੇ ਸਟੇਸ਼ਨ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ ਕੀਤੀ ਸੀ ਜਿਸ ਕਰਕੇ ਰੇਲਵੇ ਪੁਲਿਸ ਫੋਰਸ, ਪੰਜਾਬ ਪੁਲਿਸ ਦੀਆਂ ਟੁਕੜੀਆਂ ਤੋਂ ਇਲਾਵਾ ਗਰਨਮੈਂਟ ਰੇਲਵੇ ਪੁਲਿਸ ਵੀ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੀ ਗਈ ਹੈ।
ਇਸ ਦੇ ਨਾਲ ਹੀ ਸਟੇਸ਼ਨ 'ਤੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕਿਸੇ ਵੀ ਥਾਂ ਤੇ ਭੀੜ ਇਕੱਠੀ ਹੋਣ ਤੋਂ ਸਾਫ਼ ਤੌਰ 'ਤੇ ਮਨਾਹੀ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਹੈ ਕਿ ਅਲਰਟ ਨੂੰ ਲੈ ਕੇ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਾਧੂ ਫੋਰਸ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਹੋਰ ਮੁੱਖ ਥਾਵਾਂ ਤੇ ਤੈਨਾਤ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਅਗਨੀਪੱਥ ਦੇ ਵਿਰੋਧ ਨੂੰ ਲੈ ਕੇ ਅਲਰਟ 'ਤੇ ਹਨ। ਇੱਥੇ ਨੌ ਐਂਟੀ ਰੌਇਟ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ 225 ਦੇ ਕਰੀਬ ਹੋਰ ਵਾਧੂ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਰੈਪਿਡ ਐਕਸ਼ਨ ਫੋਰਸ ਦੀ ਵੀ ਇੱਕ ਟੁਕੜੀ ਮਿਲੀ ਹੋਈ ਹੈ। ਸੀਆਰਪੀਐਫ ਦੇ ਅਧੀਨ ਇਹ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਪੁਲਿਸ ਦੇ ਜਵਾਨਾਂ ਨੂੰ ਵੀ ਵੱਖ-ਵੱਖ ਥਾਵਾਂ 'ਤੇ ਇਸਤੇਮਾਲ ਕੀਤਾ ਗਿਆ ਹੈ।
ਦੂਜੇ ਪਾਸੇ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜੋ ਪਹਿਲਾਂ ਵੀ ਹੰਗਾਮਾ ਹੋਇਆ ਸੀ ਉਸ ਨੂੰ ਲੈ ਕੇ ਮੈਸੇਜ ਵ੍ਹੱਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕੀਤੇ ਗਏ ਸੀ ਅਤੇ ਇਹ ਗਰੁੱਪ ਮੁੜ ਤੋਂ ਐਕਟੀਵ ਹੋਏ ਸੀ। ਜਿਨ੍ਹਾਂ 'ਤੇ ਸਾਈਬਰ ਸੈੱਲ ਅਤੇ ਹੋਰ ਪੁਲਿਸ ਦੀ ਵੀ ਪੈਨੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਕਰਨ ਵਾਲੇ ਤੋੜ ਭੰਨ ਕਰਨ ਵਾਲੇ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਭੰਨਤੋੜ ਕਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਨੌਜਵਾਨਾਂ ਨੂੰ ਇਸ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਕਿਸੇ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Sangrur by-elections: ਸੰਗਰੂਰ ਜ਼ਿਮਨੀ ਚੋਣਾਂ 'ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਮਲਦੀਪ ਕੌਰ ਰਾਜੌਆਣਾ ਦੀ ਹਮਾਇਤ ਦਾ ਐਲਾਨ