ਚੰਡੀਗੜ੍ਹ : ਕਾਂਗਰਸ ਸਰਕਾਰ ਦੌਰਾਨ ਹੋਏ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਜੀਲੈਂਸ ਨੇ 4 ਦਿਨ ਦਾ ਰਿਮਾਂਡ ਲਿਆ ਹੈ। ਵਿਜੀਲੈਂਸ ਦੇ ਉੱਚ ਅਧਿਕਾਰੀ ਅਨੁਸਾਰ ਹਰ 12 ਘੰਟੇ ਬਾਅਦ ਆਸ਼ੂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਸਵਾਲ ਨਾ ਉਠਾ ਸਕੇ ਕਿ ਵਿਜੀਲੈਂਸ ਨੇ ਆਸ਼ੂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਉਹ ਕਾਨੂੰਨ ਮੁਤਾਬਕ ਆਸ਼ੂ ਤੋਂ ਪੁੱਛਗਿੱਛ ਕਰ ਰਹੇ ਹਨ। 




ਦਰਅਸਲ 'ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਜੀਲੈਂਸ 'ਤੇ ਗੰਭੀਰ ਦੋਸ਼ ਲਾਏ ਸੀ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵਿਜੀਲੈਂਸ ਥਰਡ ਡਿਗਰੀ ਦੀ ਵਰਤੋਂ ਕਰ ਸਕਦੀ ਹੈ। ਇਸੇ ਕਾਰਨਾਂ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਵਰਕਰਾਂ ਸਮੇਤ ਵਿਜੀਲੈਂਸ ਦਫ਼ਤਰ ਦੇ ਗੇਟ ਅੱਗੇ ਪੱਕਾ ਮੋਰਚਾ ਲਾਇਆ ਹੈ। ਪਹਿਲੇ ਦਿਨ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਮੋਰਚੇ ਵਿੱਚ ਸ਼ਾਮਿਲ ਹੋਏ ਸਨ , ਜਦਕਿ ਵਿਜੀਲੈਂਸ ਅਧਿਕਾਰੀ ਭਾਰਤ ਭੂਸ਼ਣ ਆਸ਼ੂ ਤੋਂ ਖੁਦ ਨੂੰ ਸੁਰੱਖਿਅਤ ਕਰਕੇ ਹੀ ਪੁੱਛਗਿੱਛ ਕਰ ਰਹੇ ਹਨ।

 
ਵਿਜੀਲੈਂਸ ਬਿਊਰੋ ਦੀ ਹੁਣ ਤੱਕ ਦੀ ਜਾਂਚ ਮੁਤਾਬਕ ਤੇਲੂਰਾਮ ਨੂੰ ਕਰੀਬ 25 ਕਰੋੜ ਰੁਪਏ ਮਿਲੇ ਹਨ। ਟੈਂਡਰ ਲੈਣ ਲਈ ਜਮ੍ਹਾਂ ਕਰਵਾਈਆਂ ਗਈਆਂ ਗੱਡੀਆਂ ਦੀ ਸੂਚੀ ਵਿੱਚ ਕਾਰਾਂ, ਸਕੂਟਰਾਂ, ਬਾਈਕ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਦਿੱਤੇ ਗਏ ਸਨ। ਜ਼ਿਲ੍ਹਾ ਟੈਂਡਰ ਕਮੇਟੀ ਨੇ ਕਣਕ ਲੈ ਕੇ ਜਾਣ ਵਾਲੇ ਵਾਹਨਾਂ ਦੀ ਸੂਚੀ ਦੀ ਜਾਂਚ ਕਰਨੀ ਸੀ ਪਰ ਕਮੇਟੀ ਦੇ ਮੈਂਬਰਾਂ ਨੇ ਮਿਲੀਭੁਗਤ ਨਾਲ ਟੈਂਡਰ ਵੀ ਅਲਾਟ ਕਰ ਦਿੱਤੇ। ਗੇਟ ਪਾਸ 'ਤੇ ਸਕੂਟਰ-ਕਾਰਾਂ ਦੇ ਨੰਬਰ ਵੀ ਲਿਖੇ ਹੋਏ ਸਨ। ਸਰਕਾਰੀ ਅਧਿਕਾਰੀ ਵੀ ਇਨ੍ਹਾਂ ਗੇਟ ਪਾਸਾਂ ਦੇ ਆਧਾਰ ’ਤੇ ਠੇਕੇਦਾਰਾਂ ਨੂੰ ਅਦਾਇਗੀ ਕਰਦੇ ਸਨ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

ਓਧਰ ਵਿਜੀਲੈਂਸ ਬਿਊਰੋ ਨੇ ਖੁਰਾਕ ਵਿਭਾਗ ਦੇ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸਾਬਕਾ ਮੰਤਰੀ ਨੇ ਘੁਟਾਲੇ ਦੇ ਪੈਸੇ ਨਾਲ ਸੂਬੇ ਅਤੇ ਹੋਰ ਸੂਬਿਆਂ ਵਿੱਚ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਖਰੀਦੀਆਂ ਹਨ। ਵਿਜੀਲੈਂਸ ਨੇ ਆਸ਼ੂ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ 'ਤੇ ਵੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ

 

 ਦੱਸ ਦੇਈਏ ਕਿ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu Arrest) ਨੂੰ ਵਿਜੀਲੈਂਸ ਨੇ ਮੰਗਲਵਾਰ ਸ਼ਾਮ ਕਰੀਬ 4 ਵਜੇ ਅਦਾਲਤ ਵਿੱਚ ਪੇਸ਼ ਕੀਤਾ। ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਆਸ਼ੂ ਨੂੰ 27 ਅਗਸਤ ਤੱਕ ਵਿਜੀਲੈਂਸ ਰਿਮਾਂਡ 'ਤੇ ਭੇਜ ਦਿੱਤਾ ਹੈ।