Bhagwant Mann reply to Rahul Gandhi: ਪੰਜਾਬ 'ਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ CM ਭਗਵੰਤ ਮਾਨ 'ਤੇ ਹਮਲਾ ਬੋਲਿਆ ਅਤੇ ਦਿੱਲੀ ਤੋਂ ਸਰਕਾਰ ਨਾ ਚਲਾਉਣ ਦੀ ਗੱਲ ਕਹੀ। ਹੁਣ ਭਗਵੰਤ ਮਾਨ ਨੇ ਰਾਹੁਲ 'ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ ਹੈ ਨਾ ਕਿ ਚੰਨੀ ਵਰਗਾ ਰਾਹੁਲ ਗਾਂਧੀ ਨੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ 'ਚ ਪੁੱਠਾ-ਸਿੱਧਾ ਨਾ ਬੋਲਣ ਤਾਂ ਬਿਹਤਰ ਹੈ।


ਇੱਕ ਟਵੀਟ ਵਿੱਚ ਭਗਵੰਤ ਮਾਨ ਨੇ ਕਿਹਾ ਰਾਹੁਲ ਜੀ ਪੰਜਾਬ 'ਚ ਤੁਸੀਂ ਪੁੱਠਾ ਸਿੱਧਾ ਨਾ ਹੀ ਬੋਲੋ ਤਾਂ ਚੰਗਾ ਹੈ..ਮੈਨੂੰ CM ਪੰਜਾਬ ਦੀ ਜਨਤਾ ਨੇ ਬਣਾਇਆ ਹੈ ਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ..ਤੁਸੀਂ 2 ਮਿੰਟ 'ਚ ਚੁਣੇ ਹੋਏ CM ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜਤ ਕਰਕੇ ਹਟਾ ਦਿੱਤਾ ਸੀ.ਯਾਤਰਾ ਦੌਰਾਨ ਪੰਜਾਬ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਨੇ..ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ






ਰਾਹੁਲ ਗਾਂਧੀ ਨੇ ਕੀ ਕਿਹਾ?


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਦੇ 'ਰਿਮੋਟ ਕੰਟਰੋਲ' 'ਚ ਨਹੀਂ ਰਹਿਣਾ ਚਾਹੀਦਾ ਅਤੇ ਸੂਬੇ ਨੂੰ ਆਜ਼ਾਦਾਨਾ ਢੰਗ ਨਾਲ ਚਲਾਉਣਾ ਚਾਹੀਦਾ ਹੈ। ਇਥੇ ਆਪਣੀ 'ਭਾਰਤ ਜੋੜੋ ਯਾਤਰਾ' ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੰਜਾਬ ਤੋਂ ਚੱਲਣਾ ਚਾਹੀਦਾ ਹੈ, ਦਿੱਲੀ ਤੋਂ ਨਹੀਂ ਚਲਾਉਣਾ ਚਾਹੀਦਾ।
ਉਨ੍ਹਾਂ ਕਿਹਾ, “ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਪੰਜਾਬ ਨੂੰ ਪੰਜਾਬ ਤੋਂ ਹੀ ਚਲਾਉਣਾ ਚਾਹੀਦਾ ਹੈ। ਭਗਵੰਤ ਮਾਨ ਨੂੰ (ਅਰਵਿੰਦ) ਕੇਜਰੀਵਾਲ ਜੀ ਅਤੇ ਦਿੱਲੀ ਦੇ ਦਬਾਅ ਵਿੱਚ ਨਹੀਂ ਆਉਣਾ ਚਾਹੀਦਾ। ਰਾਹੁਲ ਗਾਂਧੀ ਨੇ ਕਿਹਾ, 'ਤੁਹਾਨੂੰ ਸੁਤੰਤਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਕਿਸੇ ਦੇ ਰਿਮੋਟ ਕੰਟਰੋਲ 'ਚ ਨਹੀਂ ਹੋਣਾ ਚਾਹੀਦਾ। ਇਹ ਪੰਜਾਬ ਦੇ ਮਾਣ ਦੀ ਗੱਲ ਹੈ।


ਭਗਵੰਤ ਮਾਨ 'ਤੇ ਵਿਰੋਧੀ ਧਿਰ ਦਾ ਹਮਲਾ


ਭਗਵੰਤ ਮਾਨ ਨੂੰ ਵਿਰੋਧੀ ਪਾਰਟੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਦੋਸ਼ ਲਗਾਉਂਦੀਆਂ ਹਨ ਕਿ ਪੰਜਾਬ ਸਰਕਾਰ ਦੇ ਸਾਰੇ ਵੱਡੇ ਫੈਸਲੇ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਲੈ ਰਹੇ ਹਨ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਠਪੁਤਲੀ ਵਾਂਗ ਕੰਮ ਕਰ ਰਹੇ ਹਨ।