ਬੁਢਲਾਡੇ ਦੇ ਵਪਾਰੀ ਨੂੰ ਭੇਜਿਆ ਪਾਰਸਲ ਬੰਬ, 20 ਲੱਖ ਨਾ ਦੇਣ 'ਤੇ ਪਰਿਵਾਰ ਸਮੇਤ ਉਡਾਉਣ ਦੀ ਧਮਕੀ
ਏਬੀਪੀ ਸਾਂਝਾ | 29 Nov 2018 03:53 PM (IST)
ਮਾਨਸਾ: ਜ਼ਿਲ੍ਹੇ ਦੇ ਕਸਬੇ ਬੁਢਲਾਡਾ ਵਿੱਚ ਫ਼ਾਈਨਾਂਸ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਅਣਜਾਣ ਵਿਅਕਤੀ ਨੇ ਉਸ ਨੂੰ ਪਾਰਸਲ ਬੰਬ ਭੇਜਿਆ ਹੈ ਤੇ ਜਾਨ ਬਖ਼ਸ਼ਣ ਲਈ 20 ਲੱਖ ਰੁਪਏ ਦੀ ਫਿਰੌਤੀ ਦੇਣ ਲਈ ਵੀ ਕਿਹਾ ਹੈ। ਪਾਰਸਲ ਦੇਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਡਿਲੀਵਰੀ ਵਾਲੇ ਨੇ ਘਰ ਦੀਆਂ ਔਰਤਾਂ ਨੂੰ ਪਾਰਸਲ ਫੜਾਇਆ ਹੈ। ਫ਼ਾਈਨਾਂਸ ਦਾ ਕੰਮ ਕਰਨ ਵਾਲੇ ਸੋਨੂੰ ਨਾਂ ਦੇ ਵਿਅਕਤੀ ਦੇ ਘਰ ਗਿਫ਼ਟ ਪੇਪਰ ਵਿੱਚ ਪੈਕ ਕੀਤਾ ਅਣਜਾਣ ਪਾਰਸਲ ਆਇਆ। ਜਦ ਇਸ ਨੂੰ ਖੋਲ੍ਹਿਆ ਗਿਆ ਤਾਂ ਨਾਲ ਆਈ ਚਿੱਠੀ ਤੋਂ ਪਤਾ ਲੱਗਾ ਕਿ ਇਹ ਪਾਰਸਲ ਬੰਬ ਹੈ। ਇਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ 20 ਲੱਖ ਰੁਪਏ ਦੀ ਫਿਰੌਤੀ ਹਰਿਆਣਾ ਦੇ ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਈ ਜਾਵੇ। ਪੱਤਰ ਵਿੱਚ ਲਿਖਿਆ ਹੋਇਆ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਪਾਰਸਲ ਵਿੱਚ ਰੱਖੇ ਬੰਬ ਨੂੰ ਰਿਮੋਟ ਰਾਹੀਂ ਚਲਾ ਦਿੱਤਾ ਜਾਵੇਗਾ। ਧਮਾਕੇ ਵਿੱਚ ਫਾਈਨਾਂਸਰ ਦਾ ਸਾਰਾ ਪਰਿਵਾਰ ਖ਼ਤਮ ਹੋ ਜਾਵੇਗਾ। ਥਾਣਾ ਮੁਖੀ ਮੋਹਨ ਲਾਲਾ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੰਬ ਨੂੰ ਨਕਾਰਾ ਕਰਨ ਲਈ ਵਿਸ਼ੇਸ਼ ਟੀਮ ਵੀ ਬੁਢਲਾਡਾ ਸੱਦੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪਾਰਸਲ ਭੇਜਣ ਵਾਲੇ ਵਿਜੈ ਨਾਂ ਦੇ ਸ਼ਖ਼ਸ ਨੂੰ ਜਲਦ ਕਾਬੂ ਕਰ ਲੈਣਗੇ। ਪਿਛਲੇ ਸਮੇਂ ਦੌਰਾਨ ਮੋਗਾ ਵਿੱਚ ਵੀ ਪਾਰਸਲ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਇਹ ਜਾਇਦਾਦ ਵਿਵਾਦ 'ਚੋਂ ਉਪਜਿਆ ਮਾਮਲਾ ਸੁਲਝਾਅ ਲਿਆ ਸੀ। ਹੁਣ ਪਾਰਸਲ ਬੰਬ ਦਾ ਇਹ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ।