ਚੰਡੀਗੜ੍ਹ: ਵਿਵਾਦਤ ਭੋਲਾ ਨਸ਼ਾ ਤਸਕਰੀ ਮਾਮਲੇ ਦੇ ਮੁੱਖ ਮੁਲਜ਼ਮ ਜਗਦੀਸ਼ ਭੋਲਾ ਨੂੰ ਅੱਜ ਮੁਹਾਲੀ ਦੀ ਸਪੈਸ਼ਲ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਉਸ ਦੇ ਕੁਝ ਸਾਥੀਆਂ ਨੂੰ ਬਰੀ ਕਰ ਦਿੱਤਾ ਹੈ ਤੇ ਕਈਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਯਾਦ ਰਹੇ ਇਸ ਪੂਰੇ ਮਾਮਲੇ 'ਚ ਛੇ ਐਫਆਈਆਰ ਤਹਿਤ ਕਰੀਬ 70 ਮੁਲਜ਼ਮ ਨਾਮਜ਼ਦ ਹਨ।


ਜਗਦੀਸ਼ ਭੋਲਾ ਦੇ ਨਾਲ ਅਨੂਪ ਕਾਹਲੋਂ, ਦਵਿੰਦਰ ਹੈਪੀ, ਬਸਾਵਾ ਸਿੰਘ, ਗੁਰਜੀਤ ਗਾਬਾ, ਸੁਖਜੀਤ ਸਿੰਘ, ਰਾਕੇਸ਼, ਸਚਿਨ ਸਰਦਾਨਾ, ਦੇਵਿੰਦਰ ਬਹਿਲ ਅਤੇ ਦਵਿੰਦਰ ਕਾਂਤ ਸ਼ਰਮਾ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਿੱਟੂ ਔਲਖ ਤੇ ਪਰਮਜੀਤ ਚਹਿਲ ਨੂੰ ਬਰੀ ਕਰ ਦਿੱਤਾ ਗਿਆ ਹੈ।

ਛੇ ਹਜ਼ਾਰ ਕਰੋੜੀ ਨਸ਼ਾ ਤਸਕਰੀ ਕੇਸ 'ਚ ਸਭ ਤੋਂ ਵਿਵਾਦਤ ਨਾਂ ਜਗਦੀਸ਼ ਭੋਲਾ ਦਾ ਹੀ ਸੀ। ਭੋਲਾ ਨੇ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ 'ਚ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਨਾਂ ਲਿਆ ਸੀ ਪਰ ਤਤਕਾਲੀ ਸਰਕਾਰ ਨੇ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਹੁਣ ਕੈਪਟਨ ਸਰਕਾਰ ਵੇਲੇ ਵੀ ਇਹ ਠੰਢੇ ਬਸਤੇ 'ਚ ਹੀ ਰਿਹਾ।

ਭੋਲਾ ਡਰੱਗਜ਼ ਮਾਮਲੇ 'ਚ ਐਨਡੀਪੀਐਸ ਦੇ ਕੇਸਾਂ ਦੇ ਫੈਸਲੇ ਤੋਂ ਬਾਅਦ ਈਡੀ ਦੇ ਕੇਸ ਬਕਾਇਆ ਰਹਿਣਗੇ। ਇਸੇ ਮਾਮਲੇ ਦੇ ਇੱਕ ਮੁਲਜ਼ਮ ਅਕਾਲੀ ਲੀਡਰ ਚੁੰਨੀ ਲਾਲ ਗਾਬਾ ਦੀ ਡਾਇਰੀ 'ਚ ਹੋਈਆਂ ਐਂਟਰੀਆਂ ਦੇ ਆਧਾਰ 'ਤੇ ਤਤਕਾਲੀ ਮੰਤਰੀ ਸਰਵਨ ਸਿੰਘ ਫਿਲੌਰ, ਪੁੱਤਰ ਦਮਨਬੀਰ ਫਿਲੌਰ ਤੇ ਸੀਪੀਐਸ ਅਵਿਨਾਸ਼ ਚੰਦਰ 'ਤੇ ਵੀ ਈਡੀ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਈਡੀ ਦੀ ਸੁਣਵਾਈ 'ਤੇ ਪਿਛਲੇ ਹਫਤੇ ਹੀ ਸਟੇਅ ਲਾ ਦਿੱਤਾ ਸੀ।