ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਜਗੀਰ ਨੂੰ ਅੱਜ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਆਪਣੀ ਵਫ਼ਾਦਾਰੀ ਦਾ ਪ੍ਰਗਟਾਵਾ ਕਰਦਿਆਂ ਨਵਾਂ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਸਨ। ਇਹ ਚੋਣ ਅੱਜ ਅੰਮ੍ਰਿਤਸਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ। ਪਹਿਲਾਂ ਕੁਝ ਮੈਂਬਰਾਂ ਨੇ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾਆਗੂ ਮਿੱਠੂ ਸਿੰਘ ਕਾਹਨੇਕੇ ਨੂੰ SGPC ਦਾ ਨਵਾਂ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਰੱਖਿਆ। ਫਿਰ ਵੋਟਿੰਗ ਪ੍ਰਕਿਰਿਆ ਅਪਣਾਈ ਗਈ। ਬੀਬੀ ਜਗੀਰ ਕੌਰ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਗਏ ਤੇ ਕੁੱਲ 143 ਵੋਟਾਂ ਵਿੱਚੋਂ ਉਨ੍ਹਾਂ ਦੇ ਹੱਕ ਵਿੱਚ 122 ਵੋਟਾਂ ਪਈਆਂ। ਬੀਬੀ ਜਗੀਰ ਕੌਰ ਪਹਿਲਾਂ 1999 ਤੋਂ 2000 ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਤਦ ਉਨ੍ਹਾਂ ਉੱਤੇ ਆਪਣੀ ਧੀ ਦਾ ਕਥਿਤ ਕਤਲ ਕਰਨ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ ਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ ਪਰ ਦਸੰਬਰ 2018 ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਉਸ ਮਾਮਲੇ ’ਚੋਂ ਬਰੀ ਕਰ ਦਿੱਤਾ ਸੀ। ਅੱਜ SGPC ਦੇ ਬਾਕੀ ਦੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ। ਸੁਰਜੀਤ ਸਿੰਘ ਭਿੱਟੀਵਿੰਡ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਬੂਟਾ ਸਿੰਘ ਜੂਨੀਅਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ, ਜਦਕਿ ਭਗਵੰਤ ਸਿੰਘ ਸਿਆਲਕਾ ਜਨਰਲ ਸਕੱਤਰ ਬਣੇ। ਮਾਨਸਾ ਤੋਂ SGPC ਮੈਂਬਰ ਕਾਹਨੇਕੇ ਨੇ ਬੀਤੇ ਅਗਸਤ ਮਹੀਨੇ ਲੀਡਰਸ਼ਿਪ ਨਾਲ ਮਤਭੇਦਾਂ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬੀਬੀ ਜਗੀਰ ਨੇ ਕਾਹਨੇਕੇ ਦਾ ਨਾਂ ਕਾਰਜਕਾਰਨੀ ਮੈਂਬਰ ਲਈ ਸੁਝਾਇਆ। ਹੋਰ ਕਾਰਜਕਾਰਨੀ ਮੈਂਬਰਾਂ ਵਿੱਚ ਨਵਤੇਜ ਸਿੰਘ, ਬਲਦੇਵ ਸਿੰਘ ਚੁੰਗ, ਸਤਵਿੰਦਰ ਸਿੰਘ ਟੌਹੜਾ, ਭੁਪਿੰਦਰ ਸਿੰਘ ਭਲਵਾਨ, ਅਮਰੀਕ ਸਿੰਘ, ਸੰਤ ਚਰਨਜੀਤ ਸਿੰਘ, ਦਰਸ਼ਨ ਸਿੰਘ, ਹਰਭਜਨ ਸਿੰਘ, ਮਲਕੀਤ ਕੌਰ ਤੇ ਅਜਮੇਰ ਸਿੰਘ ਸ਼ਾਮਲ ਹਨ।